ਪਵਨ ਕੁਮਾਰ ਵਰਮਾ
ਧੂਰੀ, 8 ਅਕਤੂਬਰ
ਪੰਜਾਬੀ ਦੇ ਉੱਘੇ ਲੇਖਕ ਅਤੇ ਭਾਰਤੀ ਸਾਹਿਤ ਅਕਾਦਮੀ ਬਾਲ ਪੁਰਸਕਾਰ ਵਿਜੇਤਾ ਪਵਨ ਹਰਚੰਦਪੁਰੀ ਦੀ ਬਾਲ ਸਾਹਿਤ ਦੀ 16ਵੀਂ ਪੁਸਤਕ ‘ਪੰਜਾਬੀ ਵਿਰਸੇ ਦੇ ਕੀਮਤੀ ਮੋਤੀ’ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ’ਚ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕੀਤੀ। ਪਵਨ ਹਰਚੰਦਪੁਰੀ ਅਤੇ ਸੁਖਦੇਵ ਸ਼ਰਮਾ ਧੂਰੀ ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।
ਡਾ. ਤੇਜਵੰਤ ਮਾਨ ਨੇ ਦੱਸਿਆ ਕਿ ਇਹ ਕਿਤਾਬ ਸਿਰਫ ਬਾਲਾਂ ਨੂੰ ਹੀ ਨਹੀਂ, ਸਗੋਂ ਵੱਡੀ ਉਮਰ ਵਾਲਿਆਂ ਨੂੰ ਵੀ ਪੰਜਾਬੀ ਵਿਰਸੇ ਦੀ ਜਾਣਕਾਰੀ ਪ੍ਰਦਾਨ ਕਰੇਗੀ। ਹਰਚੰਦਪੁਰੀ ਨੇ ਵਿਰਸੇ ਬਾਰੇ ਜਾਣਕਾਰੀ ਦਿੰਦਿਆਂ ਹਰ ਨੁਕਤੇ ਨੂੰ ਸਹਿਜਤਾ ਅਤੇ ਗੰਭੀਰਤਾ ਨਾਲ ਪੇਸ਼ ਕੀਤਾ। ਸ੍ਰੀ ਸੁਖਦੇਵ ਸ਼ਰਮਾ, ਜਗਦੇਵ ਸ਼ਰਮਾ ਅਤੇ ਸੁਰਿੰਦਰ ਨਾਗਰਾ ਧੂਰੀ ਨੇ ਕਿਤਾਬ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਿਆਂ ਕੁਝ ਸ਼ਬਦਿਕ ਗਲਤੀਆਂ ਦੇ ਨੁਕਤੇ ਨੂੰ ਵੀ ਉਭਾਰਿਆ। ਸਮਾਗਮ ਵਿੱਚ ਸੁਰਜੀਤ ਸਿੰਘ ਰਾਜੋਮਾਜਰਾ, ਹਰਦਿਆਲ ਸਿੰਘ ਭਾਰਦਵਾਜ, ਵੈਦ ਬੰਤ ਸਿੰਘ ਸਾਰੋਂ, ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਅਤੇ ਜੰਗੀਰ ਸਿੰਘ ਦਿਲਬਰ ਨੇ ਕਿਤਾਬ ਬਾਰੇ ਵਿਚਾਰ ਪੇਸ਼ ਕੀਤੇ। ਸਾਹਿਤ ਸਭਾ ਵੱਲੋਂ ਸ੍ਰੀ ਪਵਨ ਹਰਚੰਦਪੁਰੀ ਨੂੰ ਲੋਈ ਤੇ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।