ਪੱਤਰ ਪ੍ਰੇਰਕ
ਸੰਗਰੂਰ, 28 ਦਸੰਬਰ
ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਸੁਤੰਤਰ ਭਵਨ ਸੰਗਰੂਰ ਵਿੱਚ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ। ਇਥੇ ਸਰਬਸੰਮਤੀ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਸੰਯੁਕਤ ਸਮਾਜ ਮੋਰਚੇ ਦੇ ਪੁਰਜ਼ੋਰ ਸਮਰਥਨ ਦਾ ਫ਼ੈਸਲਾ ਕੀਤਾ ਗਿਆ ਅਤੇ ਸਮੂਹ ਲੇਖਕ ਸਭਾਵਾਂ ਨੂੰ ਅਪੀਲ ਕੀਤੀ ਗਈ ਕਿ ਉੁਹ ਮੋਰਚੇ ਦੀ ਸਫ਼ਲਤਾ ਲਈ ਇਕਸੁਰ ਹੋ ਕੇ ਮੋਹਰੀ ਭੂਮਿਕਾ ਨਿਭਾਉਣ| ਸਮਾਗਮ ਦੇ ਆਰੰਭ ਵਿਚ ਕਰਮ ਸਿੰਘ ਜ਼ਖ਼ਮੀ ਨੇ ਕਿਸਾਨ ਅੰਦੋਲਨ ਦੀ ਸ਼ਾਨਦਾਰ ਜਿੱਤ ਦੀ ਵਧਾਈ ਦਿੰਦਿਆਂ ਸਾਰੇ ਆਏ ਸਾਹਿਤਕਾਰਾਂ ਲਈ ਸਵਾਗਤੀ ਸ਼ਬਦ ਕਹੇ| ਇਸ ਮੌਕੇ ਸਰਬਾਂਗੀ ਲੇਖਕ ਡਾ. ਮੀਤ ਖਟੜਾ ਦਾ ਗਜ਼ਲ-ਸੰਗ੍ਰਹਿ ‘ਬਲਦੇ ਜਜ਼ਬਾਤਾਂ ਦੀ ਲਾਟ’ ਲੋਕ ਅਰਪਣ ਕੀਤਾ ਗਿਆ| ਪੁਸਤਕ ਸਬੰਧੀ ਪੜ੍ਹੇ ਗਏ ਆਪਣੇ ਖੋਜਪੂਰਨ ਪਰਚੇ ਵਿਚ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਡਾ. ਮੀਤ ਖਟੜਾ ਦੀ ਗਜ਼ਲ ਆਰਥਿਕ ਸਮਾਜਿਕ ਵਿਸੰਗਤੀਆਂ ਦੇ ਮੁਕੰਮਲ ਖਾਤਮੇ ਲਈ ਲੁੱਟ ਰਹਿਤ ਸਮਾਜ ਦੀ ਉਸਾਰੀ ਲਈ ਯਤਨਸ਼ੀਲ ਹੈ| ਇਸ ਦੌਰਾਨ ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ ਨੇ ਕਿਸਾਨ ਸੰਘਰਸ਼ ਦੇ ਤਜਰਬੇ ਸਾਂਝੇ ਕੀਤੇ|