ਪੱਤਰ ਪ੍ਰੇਰਕ
ਭਵਾਨੀਗੜ੍ਹ, 19 ਮਾਰਚ
ਇੱਥੋਂ ਦੇ ਗੁਰੂ ਤੇਗ ਬਹਾਦਰ ਕਾਲਜ ਵਿੱਚ ਭਾਸ਼ਾ ਮੰਚ ਪੰਜਾਬੀ ਵਿਭਾਗ ਵੱਲੋਂ ਡਾ. ਮਨਪ੍ਰੀਤ ਕੌਰ ਧਾਲੀਵਾਲ ਦੀ ਪਲੇਠੀ ਆਲੋਚਨਾ ਪੁਸਤਕ ‘ਮੋਹਨ ਗਿੱਲ ਦਾ ਕਾਵਿ-ਸੰਗ੍ਰਹਿ ਇਕ ਹੋਰ ਮਹਾਂਭਾਰਤ-ਪਰਖ ਪੜਚੋਲ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਕਹਾਣੀਕਾਰ ਜਸਵੀਰ ਰਾਣਾ, ਨਾਵਲਕਾਰ ਹਰਜੀਤ ਕੌਰ ਵਿਰਕ ਸ਼ਾਮਲ ਹੋਏ। ਪ੍ਰੋਗਰਾਮ ਦੇ ਸ਼ੁਰੂ ਵਿੱਚ ਕਾਲਜ ਪ੍ਰਿੰਸੀਪਲ ਪ੍ਰੋ. ਪਦਮਪ੍ਰੀਤ ਕੌਰ ਘੁਮਾਣ ਨੇ ਆਏ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾ. ਮਨਪ੍ਰੀਤ ਕੌਰ ਨੂੰ ਉਨ੍ਹਾਂ ਦੀ ਪੁਸਤਕ ਦੇ ਲੋਕ ਅਰਪਣ ਦੀ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਸਾਹਿਤ ਪੜ੍ਹਨ ਅਤੇ ਲਿਖਣ ਲਈ ਪ੍ਰੇਰਿਤ ਕੀਤਾ। ਜਸਵੀਰ ਰਾਣਾ ਨੇ ਇੱਕ ਹੋਰ ਮਹਾਂਭਾਰਤ ਕਿਤਾਬ ਦੀ ਇਸ ਆਲੋਚਨਾਤਮਿਕ ਪਰਖ ਨੂੰ ਇੱਕ ਉੱਤਮ ਉਪਰਾਲਾ ਮੰਨਦੇ ਹੋਏ ਸਾਹਿਤ ਆਲੋਚਨਾ ਖੇਤਰ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਵੀ ਵਿਚਾਰ ਚਰਚਾ ਕੀਤੀ। ਪ੍ਰੋਗਰਾਮ ਦੇ ਅੰਤ ’ਤੇ ਡਾ. ਗੁਰਪ੍ਰੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤ। ਇਸ ਮੌਕੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਗਏ।