ਧੂਰੀ, 22 ਮਾਰਚ
ਸਾਹਿਤ ਸਭਾ ਧੂਰੀ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ਼ ਪੰਜਾਬੀ ਸਾਹਿਤ ਜਗਤ ਦੀ ਨਾਮਵਰ ਸ਼ਖ਼ਸੀਅਤ ਡਾ. ਦੀਪਕ ਮਨਮੋਹਨ ਸਿੰਘ ਦਾ ‘ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਪਿਤਾਮਾ ਪੁਰਸਕਾਰ” ਅਤੇ ਪੰਜਾਬੀ ਸਾਹਿਤ ਦੇ ਨਾਮਵਰ ਲੇਖਕ ਪਵਨ ਹਰਚੰਦਪੁਰੀ ਦਾ ਭਾਈ ‘ਭਾਈ ਜੈਤਾ ਜੀ ਪੁਰਸਕਾਰ” ਨਾਲ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਕ੍ਰਮਵਾਰ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਵੱਲੋਂ ਆਪਣੀ ਪਤਨੀ ਮਰਹੂਮ ਹਰਮਿੰਦਰ ਕੌਰ ਦੀ ਯਾਦ ਵਿੱਚ ਅਤੇ ਪ੍ਰੋਫੈਸਰ ਸੰਤ ਸਿੰਘ ਬੀਲ੍ਹਾ ਵੱਲੋਂ ਭਾਈ ਜੈਤਾ ਜੀ ਦੀ ਯਾਦ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਚੌਥੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਮੇਂ ਪ੍ਰਦਾਨ ਕੀਤੇ ਗਏ।
ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰੋਫੈਸਰ ਸੰਧੂ ਵਰਿਆਣਵੀ ਸੀਨੀਅਰ ਮੀਤ ਪ੍ਰਧਾਨ, ਡਾ. ਜੋਗਿੰਦਰ ਸਿੰਘ ਨਿਰਾਲਾ ਮੀਤ ਪ੍ਰਧਾਨ, ਡਾ. ਸਵੈਰਾਜ ਸਿੰਘ ਸੰਧੂ ਚੰਡੀਗੜ੍ਹ, ਨਿਰਮਲ ਸਿੰਘ ਬਾਸੀ ਚੰਡੀਗੜ੍ਹ ਨੇ ਕੀਤੀ। ਡਾ. ਦੀਪਕ ਮਨਮੋਹਨ ਸਿੰਘ ਬਾਰੇ ਡਾ. ਸ਼ਿੰਦਰਪਾਲ ਸਿੰਘ ਪ੍ਰਧਾਨ ਚੰਡੀਗੜ੍ਹ ਇਕਾਈ ਕੇਂਦਰੀ ਸਭਾ (ਸੇਖੋਂ), ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ, ਡਾ. ਕੰਵਰ ਜਸਵਿੰਦਰਪਾਲ ਸਿੰਘ ਅਤੇ ਡਾ. ਸੁਦਰਸ਼ਨ ਗਾਸੋ ਨੇ ਆਪਣੇ ਵਿਚਾਰ ਪੇਸ਼ ਕੀਤੇ। ਪਵਨ ਹਰਚੰਦਪੁਰੀ ਬਾਰੇ ਪ੍ਰੋਫੈਸਰ ਸੰਤ ਸਿੰਘ ਬੀਲ੍ਹਾ, ਸੁਰਿੰਦਰ ਸਿੰਘ ਰਾਜਪੂਤ ਅਤੇ ਸੁਖਦੇਵ ਸ਼ਰਮਾ ਧੂਰੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਪ੍ਰਧਾਨਗੀ ਮੰਡਲ ਵੱਲੋਂ ਪਵਨ ਹਰਚੰਦਪੁਰੀ ਦਾ ਗ਼ਜ਼ਲ ਸੰਗ੍ਰਹਿ ‘ਦਰਦਾਂ ਦੀ ਆਤਮਕਥਾ’ ਅਤੇ ਕੋਸ਼ਕਾਰ ਰਾਮ ਮੂਰਤ ਸਿੰਘ ਦੁਆਰਾ ਤਿਆਰ ਕੀਤਾ ਅਤੇ ਪਵਨ ਹਰਚੰਦਪੁਰੀ ਵੱਲੋਂ ਸੰਪਾਦਿਤ ਕੀਤਾ ‘ਪੰਜਾਬੀ-ਅੰਗਰੇਜ਼ੀ-ਰੋਮਨ ਤਿੰਨ ਭਾਸ਼ਾਈ ਅਦੁੱਤੀ ਪੰਜਾਬੀ ਸੱਭਿਆਚਾਰਕ ਕੋਸ਼’ ਵੀ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੇ ਗਏ। ਸੁਰਿੰਦਰ ਸ਼ਰਮਾ ਨਾਗਰਾ ਸੀਨੀਅਰ ਮੀਤ ਪ੍ਰਧਾਨ ਸਾਹਿਤ ਸਭਾ ਧੂਰੀ ਨੇ ਜੀ ਆਇਆਂ ਕਿਹਾ।