ਮਹਿੰਦਰ ਕੌਰ ਮੰਨੂ
ਸੰਗਰੂਰ, 23 ਅਗਸਤ
ਸਾਹਿਤਕਾਰ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਤਨ, ਮਨ ਤੇ ਧੰਨ ਨਾਲ ਜ਼ਿੰਦਗੀ ਭਰ ਕਾਰਜਸ਼ੀਲ ਰਹਿੰਦੇ ਹਨ, ਇਸ ਲਈ ਬੇਹੱਦ ਜ਼ਰੂਰੀ ਹੈ ਕਿ ਅਜਿਹੇ ਯਤਨ ਕਰਦਿਆਂ ਜੇਕਰ ਕੋਈ ਸਾਹਿਤਕਾਰ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਸਰਕਾਰਾਂ ਉਸ ਦੇ ਇਲਾਜ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ। ਇਹ ਪ੍ਰਗਟਾਵਾ ਮੁਲਾਜ਼ਮ ਆਗੂ ਰਾਜ ਕੁਮਾਰ ਅਰੋੜਾ ਨੇ ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਭੂਰਾ ਸਿੰਘ ਕਲੇਰ ਦੇ ਗੀਤ ਸੰਗ੍ਰਹਿ ‘ਉੱਡ ਗਏ ਹਵਾਵਾਂ ਨਾਲ’ ਨੂੰ ਲੋਕ ਅਰਪਣ ਕਰਨ ਲਈ ਰਾਜਿੰਦਰ ਸਿੰਘ ਰਾਜਨ ਦੇ ਘਰ ਹੋਈ ਵਿਸ਼ੇਸ਼ ਇਕੱਤਰਤਾ ਵਿੱਚ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕੀਤਾ। ਸ੍ਰੀ ਅਰੋੜਾ ਨੇ ਕਿਹਾ ਕਿ ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਭੂਰਾ ਸਿੰਘ ਕਲੇਰ ਦਾ ਗੀਤ ਸੰਗ੍ਰਹਿ ‘ਉੱਡ ਗਏ ਹਵਾਵਾਂ ਨਾਲ’ ਪ੍ਰਕਾਸ਼ਿਤ ਕਰਵਾ ਕੇ ਬਹੁਤ ਸ਼ਲਾਘਾਯੋਗ ਅਤੇ ਮਹੱਤਵਪੂਰਨ ਕਾਰਜ ਕੀਤਾ ਹੈ। ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਡਾ. ਮੀਤ ਖਟੜਾ ਨੇ ਕਿਹਾ ਕਿ ਭੂਰਾ ਸਿੰਘ ਕਲੇਰ ਦਲਿਤਾਂ ਦੀਆਂ ਸਮੱਸਿਆਵਾਂ ਨੂੰ ਬੇਬਾਕ ਢੰਗ ਨਾਲ ਪੇਸ਼ ਕਰਨ ਵਾਲੇ ਧੜੱਲੇਦਾਰ ਕਹਾਣੀਕਾਰ ਸਨ। ਉੱਘੇ ਭਾਸ਼ਾ ਵਿਗਿਆਨੀ ਡਾ. ਸੁਖਵਿੰਦਰ ਸਿੰਘ ਪਰਮਾਰ ਨੇ ਕਿਹਾ ਕਿ ਕਲੇਰ ਕਿਰਤੀ ਕਿਸਾਨਾਂ ਦੇ ਮਨੋਵਿਗਿਆਨ ਨੂੰ ਸਮਝਣ ਵਾਲੇ ਸਿਰਕੱਢ ਕਹਾਣੀਕਾਰ ਸਨ। ਪ੍ਰਿੰਸੀਪਲ ਇਕਬਾਲ ਸਿੰਘ ਨੇ ਕਿਹਾ ਕਿ ਭੂਰਾ ਸਿੰਘ ਕਲੇਰ ਦੀ ਕਹਾਣੀ ਵਿਸ਼ਵ ਪੱਧਰ ’ਤੇ ਲਿਖੀ ਜਾਣ ਵਾਲੀ ਕਹਾਣੀ ਦਾ ਮੁਕਾਬਲਾ ਕਰਨ ਦੀ ਪੂਰੀ ਸਮਰੱਥਾ ਰੱਖਦੀ ਹੈ। ਇਕੱਤਰਤਾ ਦੇ ਅਰੰਭ ਵਿਚ ਕਰਮ ਸਿੰਘ ਜਖ਼ਮੀ ਨੇ ਭੂਰਾ ਸਿੰਘ ਕਲੇਰ ਦੇ ਸੰਘਰਸ਼ਸ਼ੀਲ ਜੀਵਨ ਸਬੰਧੀ ਚਰਚਾ ਕਰਦਿਆਂ ਕੁੱਝ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।