ਪੱਤਰ ਪ੍ਰੇਰਕ
ਲਹਿਰਾਗਾਗਾ, 1 ਦਸੰਬਰ
ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਜਿੰਦਰ ਸਿੰਘ ਬੱਲਰਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਕੋਈ ਭਰਤੀ ਨਹੀਂ ਕੀਤੀ ਗਈ ਅਤੇ ਯੂੁਨੀਅਨ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਿੱਖਿਆ ਮੰਤਰੀ ਪਰਗਟ ਸਿੰਘ ਸਕੂਲ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਕੇਡਰ ਦੀਆਂ 15,000 ਖਾਲੀ ਅਸਾਮੀਆਂ ਭਰਨ ਲਈ ਕੈਬਨਿਟ ਦੀ ਮਨਜ਼ੂਰੀ ਲੈਣ ਜਾ ਰਹੇ ਹਨ ਤਾਂ ਆਰਟ ਐਂਡ ਕਰਾਫਟ ਦੇ 5,000 ਅਧਿਆਪਕਾਂ ਦੀ ਭਰਤੀ ਵੀ ਕੀਤੀ ਜਾਵੇ। ਬੱਲਰਾਂ ਨੇ ਕਿਹਾ ਕਿ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ 31 ਮਾਰਚ 2022 ਤੱਕ ਖਾਲੀ ਹੋਣ ਜਾ ਰਹੀਆਂ ਸਾਰੀਆਂ 5,000 ਅਸਾਮੀਆਂ ਲਈ ਮਨਜ਼ੂਰੀ ਦੇ ਕੇ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਤੇ ਸਰਕਾਰ ਮਕੈਨੀਕਲ ਡਰਾਇੰਗ ਐਂਡ/ ਡਰਾਇੰਗ ਐਂਡ ਪੇਂਟਿੰਗ ਨੂੰ ਲਾਜ਼ਮੀ ਵਿਸ਼ਾ ਵਜੋਂ ਮਾਨਤਾ ਦੇਣ, ਮਿਡਲ ਸਕੂਲਾਂ ’ਚ ਪੋਸਟਾਂ ਬਹਾਲ ਕਰਨ ਆਦਿ ਮੰਗਾਂ ਨੂੰ ਪ੍ਰਵਾਨ ਕਰੇ।