ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਅਪਰੈਲ
ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ 5, 6 ਅਤੇ 7 ਮਈ ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਢੱਡਰੀਆਂ ਵਿੱਚ ਕੀਤੇ ਜਾ ਰਹੇ ਸਮਾਗਮ ਉਪਰ ਰੋਕ ਲਾਉਣ ਦੀ ਮੰਗ ਕੀਤੀ ਹੈ। ਸਿੱਖ ਜਥੇਬੰਦੀਆਂ ਨੇ ਇਸ ਸਮਾਗਮ ਦਾ ਸਖਤ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਕਾਰਨ ਸ਼ਾਂਤਮਈ ਮਾਹੌਲ ਖਰਾਬ ਹੋਣ ਦਾ ਖਦਸ਼ਾ ਜਤਾਇਆ ਹੈ। ਇਸ ਸਬੰਧੀ ਸਿੱਖ ਜਥੇਬੰਦੀਆਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਦੇ ਨਾਂ ਏਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਹੈ।
ਇੱਥੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਨੂੰ ਮਿਲਣ ਤੋਂ ਬਾਅਦ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਕਣਕਵਾਲ ਭੰਗੂਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਸੰਗਰੂਰ, ਸਿੱਖ ਸਦਭਾਵਨਾ ਦਲ ਇਕਾਈ ਸੰਗਰੂਰ, ਗੁਰਮਤਿ ਪ੍ਰਚਾਰਕ ਗ੍ਰੰਥੀ ਸਭਾ ਸੰਗਰੂਰ, ਗੁਰੂ ਨਾਨਕ ਲੇਵਾ ਸਮੂਹ ਸੰਗਤ ਤੇ ਨਿਹੰਗ ਜਥੇਬੰਦੀਆਂ ਦੇ ਆਗੂਆਂ ਭਾਈ ਅਮਰਜੀਤ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਗੁਰਮੀਤ ਸਿੰਘ, ਕੁਲਵੰਤ ਸਿੰਘ ਬੁਰਜ, ਨਿਰਮਲ ਸਿੰਘ ਨਰੈਣਗੜ੍ਹ, ਭਾਈ ਗੁਰਧਿਆਨ ਸਿੰਘ, ਭਾਈ ਸੁਖਰਾਜ ਸਿੰਘ ਮਸਤੂਆਣਾ ਸਾਹਿਬ, ਭਾਈ ਕੇਵਲ ਸਿੰਘ ਹਰੀਪੁਰਾ ਅਤੇ ਭਾਈ ਜਗਤਾਰ ਸਿੰਘ ਗੁੱਜਰਾਂ ਆਦਿ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪ੍ਰੋਗਰਾਮਾਂ ਉੱਪਰ ਰੋਕ ਲਗਾਈ ਹੋਈ ਹੈ। ਇਸ ਦੇ ਬਾਵਜੂਦ ਹੁਣ ਪਿੰਡ ਢੱਡਰੀਆਂ ਜ਼ਿਲ੍ਹਾ ਸੰਗਰੂਰ ਵਿੱਚ 5 , 6 ਤੇ 7 ਮਈ 2022 ਨੂੰ ਪ੍ਰੋਗਰਾਮ ਕੀਤਾ ਜਾ ਰਿਹਾ ਹੈ।