ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 25 ਮਈ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦਾ ਵਫ਼ਦ ਪਿੰਡ ਦਿਆਲਗੜ੍ਹ ਵਿੱਚ ਪੰਚਾਇਤੀ ਜ਼ਮੀਨ ਦੀ ਮਿਣਤੀ ਸਬੰਧੀ ਹੋ ਰਹੀ ਦੇਰੀ ਨੂੰ ਲੈ ਕੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਦੀ ਅਗਵਾਈ ਹੇਠ ਤਹਿਸੀਲਦਾਰ ਸੰਗਰੂਰ ਨੂੰ ਮਿਲਿਆ। ਯੂਨੀਅਨ ਦੀ ਜ਼ਿਲ੍ਹਾ ਸਕੱਤਰ ਬਿਮਲ ਕੌਰ, ਕਰਮਜੀਤ ਕੌਰ ਤੇ ਪ੍ਰਭੂ ਸਿੰਘ ਨੇ ਦੱਸਿਆ ਕਿ ਪਿੰਡ ਦਿਆਲਗੜ੍ਹ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਸਬੰਧੀ ਪੰਚਾਇਤ ਅਤੇ ਬੀਡੀਪੀਓ ਵੱਲੋਂ ਮਿਣਤੀ ਸਬੰਧੀ ਮਤਾ ਪਾਸ ਕਰ ਕੇ ਉਪਰਲੇ ਅਧਿਕਾਰੀਆਂ ਕੋਲ ਭੇਜੇ ਨੂੰ ਲਗਪਗ ਮਹੀਨਾ ਹੋਣ ਵਾਲਾ ਹੈ, ਪਰ ਅਜੇ ਤੱਕ ਮਿਣਤੀ ਨਾ ਹੋਣ ਕਾਰਨ ਦਲਿਤ ਭਾਈਚਾਰੇ ਨੂੰ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਸਾਂਝੀ ਖੇਤੀ ਵਾਸਤੇ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਨੇ ਜਲਦ ਮਿਣਤੀ ਕਰਾਉਣ ਦਾ ਭਰੋਸਾ ਦਿੱਤਾ ਹੈ।
‘ਡੰਮੀ’ ਬੋਲੀ ਰੱਦ ਕਰਾਉਣ ਲਈ ਪ੍ਰਦਰਸ਼ਨ ਅੱਜ
ਲਹਿਰਾਗਾਗਾ: ਨੇੜਲੇ ਪਿੰਡ ਗੰਢੂਆਂ ਵਿੱਚ ਅੱਜ ਖੇਤ ਮਜ਼ਦੂਰਾਂ ਦੀ ਭਰਵੀਂ ਇਕੱਤਰਤਾ ਕੀਤੀ ਗਈ, ਜਿਸ ਵਿੱਚ ਐੱਸਸੀ ਕੋਟੇ ਦੀ ਰਿਜ਼ਰਵ ਜ਼ਮੀਨ ਦੀ ‘ਡੰਮੀ’ ਬੋਲੀ ਰੱਦ ਕਰਵਾਉਣ ਲਈ ਭਲਕੇ 26 ਮਈ ਨੂੰ ਸੜਕ ਜਾਮ ਕਰਨ ਦਾ ਫ਼ੈਸਲਾ ਕੀਤਾ ਗਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਨਕ ਨੇ ਕਿਹਾ ਕਿ ਐੱਸਸੀ ਕੋਟੇ ਦੀ ਰਿਜ਼ਰਵ ਜ਼ਮੀਨ ਦੀ ਬੋਲੀ ਗ਼ੈਰਕਾਨੂੰਨੀ ਢੰਗ ਨਾਲ ਕੀਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ 16 ਏਕੜ ਜ਼ਮੀਨ ਦੀ ਡੰਮੀ ਬੋਲੀ ਰੱਦ ਨਾ ਕੀਤੀ ਗਈ ਤਾਂ 26 ਮਈ ਨੂੰ ਫਤਹਿਗੜ੍ਹ -ਕਣਕਵਾਲ ਲਿੰਕ ਰੋਡ ਨੇੜੇ ਨਹਿਰ ਦੇ ਪੁਲ ’ਤੇ ਜਾਮ ਲਾਇਆ ਜਾਵੇਗਾ। -ਪੱਤਰ ਪ੍ਰੇਰਕ