ਪੱਤਰ ਪ੍ਰੇਰਕ
ਸੰਗਰੂਰ, 12 ਨਵੰਬਰ
ਪੈਰਾ-ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਅਤੇ ਮਲਟੀਪਰਪਜ਼ ਹੈਲਥ ਐਂਪਲਾਈਜ਼ ਮੇਲ-ਫ਼ੀਮੇਲ ਯੂਨੀਅਨ ਪੰਜਾਬ ਦੇ ਆਗੂ ਗੁਰਪ੍ਰੀਤ ਸਿੰਘ ਮੰਗਵਾਲ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਦੇ ਸੂਬਾਈ ਆਗੂ ਰਣਬੀਰ ਢਿੱਲੋਂ ਅਤੇ ਕਰਤਾਰ ਸਿੰਘ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਵਿਧਾਨ ਸਭਾ ਵਿਚ ਬਿੱਲ ਪਾਸ ਕਰਕੇ ਮਨਜ਼ੂਰੀ ਦਿੱਤੀ ਹੈ ਕਿ ਪੰਜਾਬ ਦੇ 36000 ਮੁਲਾਜ਼ਮਾਂ ਨੂੰ ਇਸ ਐਕਟ ਮੁਤਾਬਕ ਰੈਗੂਲਰ ਕੀਤਾ ਜਾਵੇਗਾ, ਪਰ ਅਜੇ ਇਹ ਸਾਫ਼ ਨਹੀਂ ਕੀਤਾ ਕਿ ਕਿਸ ਵਿਭਾਗ ਦੇ ਕਿੰਨੇ ਕਰਮਚਾਰੀ ਰੈਗੂਲਰ ਹੋਣਗੇ| ਇਸ ਸਬੰਧੀ ਆਗੂਆਂ ਨੇ ਕਿਹਾ ਕਿ ਇਸ ਐਕਟ ਵਿਚ ਐਨ.ਐਚ.ਐਮ. ਅਧੀਨ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਸ਼ਾਮਲ ਕਰਨ ਤੋਂ ਸਰਕਾਰ ਪਾਸਾ ਵੱਟ ਰਹੀ ਹੈ, ਜਦੋਂ ਕਿ ਸਿਹਤ ਵਿਭਾਗ ਵਿਚ ਪ੍ਰਵਾਨਿਤ ਪੋਸਟਾਂ ਤੇ ਮਲਟੀਪਰਪਜ਼ ਹੈਲਥ ਵਰਕਰ ਫ਼ੀਮੇਲ ਪਿਛਲੇ 13 ਸਾਲਾਂ ਤੋਂ ਕੰਟਰੈਕਟ ’ਤੇ ਸੇਵਾਵਾਂ ਨਿਭਾ ਰਹੇ ਹਨ। ਪੰਜਾਬ ਵਿਚ 1800 ਦੇ ਲਗਭਗ ਪੱਕੀਆਂ ਪੋਸਟਾਂ ਅਧੀਨ ਇਹ ਕੰਮ ਕਰ ਰਹੀਆਂ ਹਨ ਅਤੇ ਇਨ੍ਹਾਂ ਦੀ ਤਨਖਾਹ ਵੀ ਸਰਕਾਰੀ ਖ਼ਜ਼ਾਨੇ ਰਾਹੀਂ ਕਲੇਮ ਹੁੰਦੀ ਹੈ|