ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 4 ਜੁਲਾਈ
ਹੋਮਗਾਰਡਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਵਫ਼ਦ ਨੇ ਆਪਣੀਆਂ ਮੰਗਾਂ ਸਬੰਧੀ ਦਿੜ੍ਹਬਾ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੰਗ ਪੱਤਰ ਸੌਂਪਿਆ, ਜਿਸ ਵਿੱਚ ਹੋਮਗਾਰਡ ਜਵਾਨਾਂ ਨੂੰ ਸੇਵਾਮੁਕਤ ਹੋਣ ਮਗਰੋਂ ਪੈਨਸ਼ਨ ਦੇਣ, ਈਪੀਐੱਫ ਲਾਗੂ ਕਰਨ, ਮੈਡੀਕਲ ਅਤੇ ਮੁਫ਼ਤ ਬੱਸ ਸਫ਼ਰ ਤੇ ਹੋਰ ਬਣਦੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ ਗਈ ਹੈ।
ਐਸੋਸੀਏਸ਼ਨ ਦੇ ਆਗੂ ਸ਼ਿਵ ਕੁਮਾਰ, ਸੁਰਿੰਦਰ ਕੁਮਾਰ, ਨਿਰਮਲ ਸਿੰਘ, ਜਰਨੈਲ ਸਿੰਘ, ਬਾਵੂ ਸਿੰਘ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਹੋਮਗਾਰਡਜ਼ ਵਿਭਾਗ ਵਿੱਚ 12,500 ਹੋਮਗਾਰਡ ਪੁਰਸ਼ ਅਤੇ ਇਸਤਰੀ ਜਵਾਨ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ 1984 ਦੌਰਾਨ ਉਨ੍ਹਾਂ ਪੰਜਾਬ ਪੁਲੀਸ ਨਾਲ ਬਹੁਤ ਘੱਟ ਤਨਖਾਹਾਂ ’ਤੇ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ ਡਿਊਟੀ ਕੀਤੀ। ਇਸ ਦੌਰਾਨ 365 ਹੋਮਗਾਰਡ ਦੇ ਜਵਾਨ ਸ਼ਹੀਦ ਹੋਏ ਸਨ ਅਤੇ ਹੁਣ ਲੰਮੇ ਸਮੇਂ ਤੋਂ ਲਗਾਤਾਰ ਪੰਜਾਬ ਪੁਲੀਸ ਨਾਲ ਰੇਲਵੇ ਪੁਲੀਸ ਨਾਲ ਸਕਿਉਰਟੀ, ਬੈਂਕ, ਇੰਡੀਅਨ ਆਇਲ ਦੀ ਸਕਿਉਰਟੀ, ਵੀਆਈਪੀ ਦੀ ਸਕਿਉਰਟੀ, ਲੋੜ ਪੈਣ ’ਤੇ ਬਾਰਡਰ, ਬੀਐੱਸਐੱਫ ਤੋਂ ਇਲਾਵਾ ਆਰਮੀ ਨਾਲ ਬਾਹਰਲੇ ਰਾਜਾਂ ਜੰਮੂ ਕਸ਼ਮੀਰ, ਉਤਰਾਖੰਡ, ਤ੍ਰਿਪੁਰਾ ਵਿੱਚ ਚੋਣ ਡਿਊਟੀਆਂ ਅਤੇ ਦੇਸ਼ ਵਿੱਚ ਕੁਦਰਤੀ ਆਫ਼ਤਾਂ ਦੌਰਾਨ ਅਹਿਮ ਡਿਊਟੀਆਂ ਨਿਭਾਈਆਂ ਹਨ। ਇਸ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਇਨਸਾਫ਼ ਨਹੀਂ ਦੇ ਰਹੀਆਂ ਅਤੇ ਨਾ ਹੀ ਉਨ੍ਹਾਂ ਨੂੰ ਸੇਵਾਮੁਕਤੀ ’ਤੇ ਕੋਈ ਰਕਮ ਦਿੱਤੀ ਜਾਂਦੀ ਹੈ। ਉਨ੍ਹਾਂ ਵਿੱਤ ਮੰਤਰੀ ਤੋਂ ਮੰਗਾਂ ਜਲਦੀ ਪੂਰੀਆਂ ਕਰਵਾਉਣ ਦੀ ਮੰਗ ਕੀਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹੋਮਗਾਰਡਾਂ ਦੀਆਂ ਮੰਗਾਂ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਮਨਵਾਉਣ ਦਾ ਭਰੋਸਾ ਦਿੱਤਾ।