ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਸਤੰਬਰ
ਪੰਜਾਬ ਵਿੱਚ ਪੇਂਡੂ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਦੇ ਨਾਲ-ਨਾਲ ਸਕੂਲਾਂ ਵਿੱਚ ਵੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਪਰ ਸਕੂਲੀ ਖੇਡਾਂ ਲਈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕੋਈ ਫੰਡ ਜਾਰੀ ਨਹੀਂ ਕੀਤਾ ਜਾਂਦਾ। ਇਹ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਦੇਵੀ ਦਿਆਲ, ਸਤਵੰਤ ਸਿੰਘ ਆਲਮਪੁਰ, ਫਕੀਰ ਸਿੰਘ ਟਿੱਬਾ ਅਤੇ ਸਰਬਜੀਤ ਸਿੰਘ ਪੁੰਨਾਵਾਲ ਨੇ ਦੱਸਿਆ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਧਿਆਪਕ ਆਪਣੀਆਂ ਜੇਬਾਂ ਵਿੱਚੋਂ ਪੈਸਾ ਇੱਕਠਾ ਕਰਕੇ ਸਕੂਲੀ ਖੇਡਾਂ ਕਰਵਾਉਂਦੇ ਹਨ। ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਸਮੇਂ ਖੇਡਾਂ ਦਾ ਸਾਮਾਨ ਅਤੇ ਖਿਡਾਰੀਆਂ ਦੇ ਖਾਣੇ ਲਈ ਕੋਈ ਬਜਟ ਨਹੀਂ ਭੇਜਿਆਂ ਜਾਂਦਾ। ਆਗੂਆਂ ਨੇ ਮੰਗ ਕੀਤੀ ਹੈ ਕਿ ਜੇ ਸਰਕਾਰ ਨੇ ਸੱਚਮੁਚ ਹੀ ਪੰਜਾਬ ਵਿੱਚ ਖੇਡਾਂ ਪ੍ਰਫੁੱਲਿਤ ਕਰਨੀਆਂ ਹਨ ਤਾਂ ਸਰਕਾਰ ਨੂੰ ਇਸ ਅਹਿਮ ਮੁੱਦੇ ਵੱਲ ਧਿਆਨ ਦਿੰਦੇ ਹੋਏ ਜਲਦ ਖੇਡਾਂ ਦੀ ਤਿਆਰੀ ਸਮੇਂ ਖਾਣੇ, ਖੇਡ ਕਿੱਟਾਂ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇਣ ਅਤੇ ਹੋਰ ਪ੍ਰਬੰਧਕੀ ਕੰਮਾਂ ਲਈ ਫੰਡ ਜਾਰੀ ਕੀਤੇ ਜਾਣ।