ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 7 ਅਪਰੈਲ
ਪੁਰਾਣੀ ਪੈਨਸ਼ਨ ਪ੍ਰਾਪਤੀ ਬਹਾਲੀ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਸੂਬਾ ਕੋ-ਕਨਵੀਨਰ ਜੱਸਾ ਪਸ਼ੌਰੀਆ ਅਤੇ ਜ਼ਿਲ੍ਹਾ ਕਨਵੀਨਰ ਸਰਬਜੀਤ ਸਿੰਘ ਪੁੰਨਾਂਵਾਲ ਦੀ ਅਗਵਾਈ ਹੇਠ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਮੰਗ ਪਤਰ ਸੌਂਪਿਆ ਗਿਆ। ਇਸ ਮੌਕੇ ਉਨ੍ਹਾਂ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਲਈ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਜਲਦ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨਾਲ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਮੀਟਿੰਗ ਕਰਵਾਈ ਜਾਵੇ ਅਤੇ ਦੂਜੇ ਰਾਜਾਂ ਦੀ ਤਰ੍ਹਾਂ ਪੰਜਾਬ ਸਰਕਾਰ ਵੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕਰੇ। ਹਲਕਾ ਵਿਧਾਇਕ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਲਦ ਹੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਦੇਵੀ ਦਿਆਲ, ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਦੇ ਚੇਅਰਮੈਨ ਮਾਲਵਿੰਦਰ ਸਿੰਘ ਸੰਧੂ, ਬਿਜਲੀ ਬੋਰਡ ਦੇ ਆਗੂ ਜਗਦੀਪ ਗੁੱਜਰਾ ਆਦਿ ਮੌਜੂਦ ਸਨ।