ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਸਤੰਬਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਈਟੀਟੀ ਤੋਂ ਹੈੱਡ ਟੀਚਰਾਂ ਦੀਆਂ ਤਰੱਕੀਆਂ ਤੁਰੰਤ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਦੀ ਸੰਗਰੂਰ ਇਕਾਈ ਦੇ ਇਕ ਵਫ਼ਦ ਵੱਲੋਂ ਅੱਜ ਡੀਈਓ (ਐਲੀਮੈਂਟਰੀ ਸਿੱਖਿਆ) ਬਲਜਿੰਦਰ ਕੌਰ ਨੂੰ ਮਿਲ ਕੇ ਇਹ ਮੰਗ ਰੱਖੀ ਗਈ। ਵਫ਼ਦ ਨੇ ਮੰਗ ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਈਟੀਟੀ ਤੋਂ ਹੈੱਡ ਟੀਚਰਾਂ ਹੋਣ ਵਾਲੀਆਂ ਤਰੱਕੀਆਂ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਹਨ ਜੋ ਕਿ ਇਕ ਤਰ੍ਹਾਂ ਨਾਲ ਜ਼ਿਲ੍ਹੇ ਦੇ ਅਧਿਆਪਕਾਂ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਹਵਾਲੇ ਅਤੇ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ ਅਤੇ ਘੱਟ ਗਿਣਤੀ ਵਿਭਾਗ ਦੇ ਪੱਤਰ ਦੀਆਂ ਹਦਾਇਤਾਂ ਅਨੁਸਾਰ ਰਾਖਵੇਂ ਕੋਟੇ ਦਾ ਬਣਦਾ ਹੱਕ ਦਿੱਤੇ ਜਾਣ ਦਾ ਮੁੱਦਾ ਵੀ ਸਿਖਿਆ ਅਧਿਕਾਰੀ ਨਾਲ ਵਿਚਾਰਿਆ। ਵਢਦ ਦੇ ਮੈਂਬਰਾਂ ਨੇ ਦੱਸਿਆ ਕਿ ਡੀਈਓ ਨੇ ਹਾਂ-ਪੱਖੀ ਹੁੰਘਾਰਾ ਦਿੱਤਾ ਹੈ। ਵਫ਼ਦ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ, ਜ਼ਿਲ੍ਹਾ ਪ੍ਰੈੱਸ ਸਕੱਤਰ ਜਸਬੀਰ ਨਮੋਲ, ਬਲਾਕਾਂ ਦੇ ਆਗੂ ਬਿੱਕਰ ਸਿੰਘ, ਸੰਜੀਵ ਭੀਖੀ ਤੇ ਪ੍ਰੇਮ ਨਿਮਾਣਾ ਅਤੇ ਦੀਦਾਰ ਸਿੰਘ ਸ਼ਾਮਲ ਸਨ।