ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 12 ਦਸੰਬਰ
ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਅੱਜ ਇੱਥੇ ਤਹਿਸੀਲ ਦਫ਼ਤਰ ਵਿੱਚ ਪ੍ਰਧਾਨ ਰਾਜ ਸਿੰਘ ਦੁੱਲਮਾ ਕਲਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦਾ ਸੰਘਰਸ਼ ਖ਼ਤਮ ਕਰਾਉਣ ਦੀ ਮੰਗ ਕੀਤੀ। ਪ੍ਰਧਾਨ ਰਾਜ ਸਿੰਘ ਦੁੱਲਮਾ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ’ਤੇ ਨਿੱਤ ਦਿਨ ਨਵੇਂ ਕਾਨੂੰਨ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦੀ ਨੰਬਰਦਾਰ ਯੂਨੀਅਨ ਨਿਖੇਧੀ ਕਰਦੀ ਹੈ ਅਤੇ ਇਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਮਹੀਨਿਆ ਤੋਂ ਨੰਬਰਦਾਰਾਂ ਦਾ ਮਾਣ-ਭੱਤਾ ਨਾ ਮਿਲਣ ਕਾਰਨ ਵੀ ਨੰਬਰਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ, ਜਿਸ ਕਰਕੇ ਐੱਸਡੀਐੱਮ ਵਿਕਰਮਜੀਤ ਪਾਂਥੇ ਨੂੰ ਮੰਗ ਪੱਤਰ ਸੌਂਪਿਆ ਹੈ ਅਤੇ ਯੂਨੀਅਨ ਨੂੰ ਐੱਸਡੀਐੱਮ ਨੇ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਮਾਣ-ਭੱਤਾ ਖ਼ਾਤਿਆਂ ਵਿੱਚ ਪਵਾ ਦਿੱਤਾ ਜਾਵੇਗਾ। ਇਸ ਮੌਕੇ ਅਹਿਮਦਗੜ੍ਹ ਦੇ ਪ੍ਰਧਾਨ ਗੁਰਮੀਤ ਸਿੰਘ, ਤੇਜਿੰਦਰ ਸਿੰਘ ਸ਼ੇਰਵਾਨੀ ਕੋਟ, ਮੁਹੰਮਦ ਸਦੀਕ ਭੈਣੀ ਕੰਬੋਆ, ਮੁਹੰਮਦ ਇਸਮਾਇਲ ਬੀੜ ਅਹਿਮਦਾਬਾਦ, ਜੱਗਾ ਸਿੰਘ ਬੂੰਗਾ, ਅੱਛਰੂ ਸਿੰਘ ਹਿੰਮਤਾਣਾ, ਮੁਖਤਿਆਰ ਸਿੰਘ ਮਾਣਕਮਾਜਰਾ ਆਦਿ ਵੀ ਮੌਜੂਦ ਸਨ।