ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 22 ਜੂਨ
ਮਾਲੇਰਕੋਟਲਾ ਨਗਰ ਕੌਂਸਲ ਅਧੀਨ ਪੈਂਦੇ ਮਾਲੇਰਕੋਟਲਾ- ਪਟਿਆਲਾ ਮੁੱਖ ਸੜਕ ਦੇ ਦੋਵੇਂ ਪਾਸੇ ਵਸੇ ਕਿਲਾ ਰਹਿਮਤਗੜ੍ਹ ਦੇ ਵਾਸੀਆਂ ਦੇ ਵਫ਼ਦ ਨੇ ਵਾਰਡ ਨੰਬਰ 9 ਦੀ ਕੌਂਸਲਰ ਅਨਮ ਦੇ ਪਤੀ ਮੁਹੰਮਦ ਅਸਲਮ ਕਾਲਾ ਦੀ ਪਹਿਲਕਦਮੀ ਅਤੇ ਅਗਵਾਈ ਹੇਠ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਕਿਲਾ ਰਹਿਮਤਗੜ੍ਹ ਦੀ ਈਦਗਾਹ ਨੇੜੇ ਓਵਰ ਬ੍ਰਿਜ ਬਣਾਇਆ ਜਾਵੇ। ਮੁਹੰਮਦ ਅਸਲਮ ਕਾਲਾ ਨੇ ਮੰਤਰੀ ਨੂੰ ਦੱਸਿਆ ਕਿ ਕਿਲਾ ਰਹਿਮਤਗੜ੍ਹ ਮਾਲੇਰਕੋਟਲਾ- ਪਟਿਆਲਾ ਮੁੱਖ ਸੜਕ ਦੇ ਦੋਵੇਂ ਪਾਸੇ ਵਸਿਆ ਹੋਇਆ ਹੈ। ਦੋਵੇਂ ਪਾਸੇ ਦੇ ਲੋਕਾਂ ਨੂੰ ਕੰਮ ਕਾਰ ਲਈ ਇੱਕ-ਦੂਜੇ ਪਾਸੇ ਜਾਣਾ ਪੈਂਦਾ ਹੈ। ਦਿਨ-ਬ-ਦਿਨ ਵੱਧ ਰਹੀ ਆਵਾਜਾਈ ਅਤੇ ਵਾਹਨਾਂ ਦੀ ਤੇਜ਼ ਰਫਤਾਰੀ ਕਾਰਨ ਦੋਵੇਂ ਪਾਸੇ ਦੇ ਲੋਕਾਂ ਨੂੰ ਸੜਕ ਪਾਰ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਮੰਤਰੀ ਹਰਭਜਨ ਸਿੰਘ ਈਟੀਓ ਨੇ ਭਰੋਸਾ ਦਿਵਾਇਆ ਕਿ ਚੋਣ ਜ਼ਾਬਤਾ ਹਟਣ ਤੋਂ ਤੁਰੰਤ ਬਾਅਦ ਇਸ ਸੜਕ ‘ਤੇ ਓਵਰ ਬ੍ਰਿਜ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ । ਇਸ ਮੌਕੇ ਅਸ਼ਰਫ ਅਬਦੁੱਲਾ, ਯਾਸਰ ਹੁਸੈਨ ਜਾਸਾ (ਦੋਵੇਂ ਸਾਬਕਾ ਕੌਂਸਲਰ), ਸ਼ਕੂਰ ਪ੍ਰਧਾਨ, ਮੁਹੰਮਦ ਸਾਬਰ, ਮੁਹੰਮਦ ਸਦੀਕ, ਸ਼ਰੀਫ ਕਾਕੜਾ, ਸ਼ਰੀਫ ਬੌਸ, ਮੁਹੰਮਦ ਆਰਿਫ, ਮੁਹੰਮਦ ਸ਼ਰੀਫ ਸਾਬਕਾ ਏਅਰਫੋਰਸ ਅਧਿਕਾਰੀ ਮੌਜੂਦ ਸਨ।