ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਮਾਰਚ
ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੀ ਪਲੇਠੀ ਮੀਟਿੰਗ ਸਭਾ ਦੇ ਨਵੇਂ ਚੁਣੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਦਮਦਮੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬ੍ਰਹਮ ਗਿਆਨੀ ਭਗਤ ਨਾਮਦੇਵ ਵਿਖੇ ਹੋਈ। ਮੀਟਿੰਗ ਵਿੱਚ ਦੇਸ਼ ਭਰ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਵਿਚ ਵੱਖ ਵੱਖ ਇਕਾਈਆਂ ਦੇ ਮੈਂਬਰਾਂ ਨੇ ਆਪਣੀ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਹੋਏ ਗੁਰਮਤਿ ਸਮਾਗਮ ਦੌਰਾਨ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ, ਗਿਆਨੀ ਗੁਰਮੀਤ ਸਿੰਘ ਖੋਸਾ ਕੋਟੜਾ ਅਤੇ ਇੰਟਰਨੈਸ਼ਨਲ ਢਾਡੀ ਭਾਈ ਬਲਦੇਵ ਸਿੰਘ ਲੌਂਗੋਵਾਲ ਦੇ ਜਥੇ ਵੱਲੋਂ ਭਗਤ ਨਾਮਦੇਵ ਦੀ ਬਾਣੀ ’ਤੇ ਚਾਨਣਾ ਪਾਇਆ ਗਿਆ।
ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਦਮਦਮੀ ਨੇ ਕਿਹਾ ਕਿ ਭਗਤ ਨਾਮਦੇਵ ਜੀ ਸ਼੍ਰੋਮਣੀ ਭਗਤ ਹੋਏ ਹਨ। ਉਨ੍ਹਾਂ ਦੀ ਬਾਣੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉੱਥੇ ਉਨ੍ਹਾਂ ਵੱਲੋਂ ਰਚਿਆ ਮਰਾਠੀ ਭਾਸ਼ਾ ਵਿੱਚ ਪੱਚੀ ਸੌ ਸ਼ਬਦਾਂ ਦਾ ਗ੍ਰੰਥ ਮਹਾਰਾਸਟਰ ਦੇ ਲੋਕਾਂ ਲਈ ਵੀ ਚਾਨਣ ਮੁਨਾਰਾ ਹੈ। ਬੁਲਾਰਿਆਂ ਸਰਕਾਰ ਤੋਂ ਮੰਗ ਕੀਤੀ ਕਿ ਭਗਤ ਨਾਮਦੇਵ ਜੀ ਦੇ ਨਾਮ ’ਤੇ ਯੂਨੀਵਰਸਿਟੀ ਵਿੱਚ ਸਥਾਪਤ ਕੀਤੀ ਚੇਅਰ ਨੂੰ ਚਾਲੂ ਕੀਤਾ ਜਾਵੇ। ਇਸ ਮੌਕੇ ਵੱਖ ਵੱਖ ਇਕਾਈਆਂ ਤੋਂ ਪਹੁੰਚੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਜਿਥੇ ਨਵੇਂ ਚੁਣੇ ਸਭਾ ਦੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਦਮਦਮੀ ਨੂੰ ਵਿਸੇਸ ਤੌਰ ਤੇ ਸਿਰੋਪਾਓ ਭੇਟ ਕੀਤੇ ਗਏ।