ਹਰਦੀਪ ਸਿੰਘ ਸੋਢੀ
ਧੂਰੀ, 25 ਅਪਰੈਲ
ਕੱਕੜਵਾਲ ਚੌਕ ਵਿੱਚ ਪੈਸੇ ਟਰਾਂਸਫਰ ਕਰਨ ਵਾਲੀ ਸੀਆਰਾਮ ਐਂਟਰਪਰਾਈਜ਼ਿਜ਼ ਦੀ ਦੁਕਾਨ ਤੋਂ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਬੀਤੇ ਦਿਨੀ ਨਕਦੀ ਲੁੱਟ ਲਈ ਗਈ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਧੂਰੀ ਵਪਾਰ ਮੰਡਲ ਤਰਫ਼ੋਂ ਥਾਣੇ ਅੱਗੇ ਧਰਨਾ ਲਾਇਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਨ ਲਈ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ, ਹੰਸ ਰਾਜ ਗਰਗ, ਜਗਤਾਰ ਸਿੰਘ, ਨਰੇਸ਼ ਕੁਮਾਰ ਮੰਗੀ, ਨਵਤੇਜ ਮਿੰਟੂ, ਤੋਂ ਇਲਾਵਾ ਹੋਰ ਆਗੂਆਂ ਨੇ ਕਿਹਾ ਪੰਜਾਬ ਦੇ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਹਨ ਜਿਸ ਦਾ ਸਬੂਤ ਧੂਰੀ ਵਿਖੇ ਵਾਪਰੀ ਲੁੱਟ ਖੋਹ ਦੀ ਵਾਰਦਾਤ ਤੋਂ ਆਸਾਨੀ ਨਾਲ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦਿਨ ਦਿਹਾੜੇ ਗ਼ਲਤ ਅਨਸਰ ਲੁੱਟ ਖੋਹ ਕਰਕੇ ਚਲੇ ਜਾਂਦੇ ਹਨ ਜਿਸ ਕਾਰਨ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਹੈ। ਐਸ ਪੀ ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੁਲੀਸ ਵੱਲੋਂ ਕਈ ਟੀਮਾਂ ਬਣਾ ਕੇ ਦੋਸ਼ੀਆਂ ਦੀ ਪੈੜ ਨੱਪੀ ਜਾ ਰਹੀ ਹੈ ਤੇ ਉਹ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ।