ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 26 ਨਵੰਬਰ
ਇਥੇ ਡੈਮੋਕਰੈਟਿਕ ਮਨਰੇਗਾ ਫਰੰਟ (ਡੀ.ਐੱਮ.ਐੱਫ) ਵੱਲੋਂ ਸੰਗਰੂਰ ਬਲਾਕ ਵੱਖ-ਵੱਖ ਪਿੰਡਾਂ ਵਿੱਚ 28 ਨਵੰਬਰ ਨੂੰ ਪਟਿਆਲਾ ਵਿੱਚ ਹੋਣ ਵਾਲੀ ਸੂਬਾ ਪੱਧਰੀ ਰੋਸ ਕਾਨਫਰੰਸ ਦੀ ਤਿਆਰੀ ਲਈ ਮੀਟਿੰਗਾਂ ਕੀਤੀਆਂ ਗਈਆਂ ਅਤੇ ਮਨਰੇਗਾ ਕਾਮਿਆਂ ਨੂੰ ਸੂਬਾਈ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਗਿਆ। ਡੈਮੋਕ੍ਰੇਟਿਕ ਮਨਰੇਗਾ ਫਰੰਟ ਦੇ ਆਗੂਆਂ ਵੱਲੋਂ ਪਿੰਡ ਚੱਠੇ ਸੇਖਵਾਂ, ਭਰੂਰ, ਕੁਲਾਰ ਖੁਰਦ, ਕਨੋਈ, ਉਪਲੀ ਅਤੇ ਨਮੋਲ ਆਦਿ ਵਿਖੇ ਮੀਟਿੰਗਾਂ ਕੀਤੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਈ.ਡੀ.ਪੀ. ਦੇ ਆਗੂਆਂ ਕਰਨੈਲ ਸਿੰਘ ਜਖੇਪਲ ਅਤੇ ਤਰਲੋਚਨ ਸਿੰਘ ਸੂਲਰ ਘਰਾਟ ਨੇ ਕਿਹਾ ਕਿ ਪੰਜਾਬ ਭਰ ਦੇ ਮਨਰੇਗਾ ਮਜ਼ਦੂਰ ਡੈਮੋਕਰੈਟਿਕ ਮਨਰੇਗਾ ਫਰੰਟ ਦੀ ਅਗਵਾਈ ਵਿੱਚ 28 ਨਵੰਬਰ ਨੂੰ ਨਵੀਂ ਅਨਾਜ ਮੰਡੀ ਸਰਹਿੰਦ ਰੋਡ, ਪਟਿਆਲਾ ਵਿਖੇ ਇਕੱਠੇ ਹੋ ਕੇ ਪੰਜਾਬ ਦੇ ਮਜ਼ਦੂਰ ਤੇ ਦਲਿਤ ਮੁੱਖ ਮੰਤਰੀ ਨੂੰ ਇਹ ਸਵਾਲ ਪੁੱਛਣਗੇ ਕਿ ਪੰਜਾਬ ਅੰਦਰ ਵੀਹ ਲੱਖ ਅਠਵੰਜਾ ਹਜ਼ਾਰ ਮਨਰੇਗਾ ਜਾਬ ਕਾਰਡ ਧਾਰਕਾਂ ਨੂੰ ਸੌ ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦੇ ਬਾਵਜੂਦ ਰੁਜ਼ਗਾਰ ਕਿਉਂ ਨਹੀਂ ਦਿੱਤਾ ਜਾ ਰਿਹਾ? ਅਤੇ ਕੰਮ ਮੰਗਣ ਤੇ ਕੰਮ ਨਾ ਦੇਣ ਤੇ ਬੇਰੁਜ਼ਗਾਰੀ ਭੱਤਾ ਕਿਉਂ ਨਹੀਂ ਦਿੱਤਾ ਜਾ ਰਿਹਾ?