ਰਮੇਸ਼ ਭਾਰਦਵਾਜ
ਲਹਿਰਾਗਾਗਾ, 21 ਫਰਵਰੀ
ਇੱਥੇ ਨਗਰ ਕੌਂਸਲ ਚੋਣਾਂ ’ਚ ਕਥਿਤ ਬੇਨਿਯਮੀਆਂ ਲਈ ਲਹਿਰਾ ਵਿਕਾਸ ਮੰਚ ਦੇ ਕਨਵੀਨਰ ਐਡਵੋਕੇਟ ਵਰਿੰਦਰ ਗੋਇਲ ਦੀ ਅਗਵਾਈ ਵਿੱਚ ਅੱਜ ਪੰਜਵੇਂ ਦਿਨ ਵੀ ਮੁੱਖ ਬਾਜ਼ਾਰ ’ਚ ਅਗਰਸੈਨ ਧਰਮਸ਼ਾਲਾ ਅੱਗੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਕਾਲੇ ਬਿੱਲੇ ਲਾ ਕੇ ਰੋਹ ਮੁਜ਼ਾਹਰਾ ਕੀਤਾ।
ਧਰਨਾਕਾਰੀਆਂ ਨੇ ਐੱਸਡੀਐੱਮ ਖਿਲਾਫ਼ ਰੋਹਪੂਰਨ ਨਾਅਰੇਬਾਜ਼ੀ ਕਰਦੇ ਹੋਏ ਐੱਸਡੀਐੱਮ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਇਸ ਵਿਰੋਧ ਨੂੰ ਲੈ ਕੇ ਡੀਐੱਸਪੀ ਰਛਪਾਲ ਸਿੰਘ ਅਤੇ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਵਿਜੈਪਾਲ ਦੀ ਅਗਵਾਈ ਹੇਠ ਵੱਡੀ ਪੱਧਰ ’ਤੇ ਪੁਲੀਸ ਤਾਇਨਾਤ ਕੀਤੀ ਗਈ ਸੀ। ਇਸ ਧਰਨੇ ਨੂੰ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਜਥੇਬੰਦੀ ਦੇ ਆਗੂ ਦੀਪਕ ਜੈਨ, ਕੌਂਸਲਰ ਕਾਂਤਾ ਗੋਇਲ, ਵਿੱਕੀ ਕਾਮਰੇਡ, ਕੌਂਸਲਰ ਬਲਵਿੰਦਰ ਕੌਰ, ਜੀਵਨ ਗੋਇਲ ਰੱਬੜ, ਗੁਰਲਾਲ ਸਿੰਘ ਫ਼ਤਹਿਗੜ੍ਹ, ਦੁਲਾਰ ਗੋਇਲ, ਗੁਰੀ ਚਹਿਲ, ਕੁਲਵੰਤ ਕਾਂਤੀ ਜਵਾਹਰਵਾਲਾ ਤੇ ਕੌਂਸਲਰ ਗੌਰਵ ਗੋਇਲ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਐੱਸਡੀਐੱਮ ਨੇ ਕਾਂਗਰਸ ਦੀ ਸ਼ਹਿ ’ਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਵਾਰਡ ਨੰਬਰ-2 ਦੀ ਉਮੀਦਵਾਰ ਸੁਰਿੰਦਰ ਕੌਰ ਅਤੇ ਵਾਰਡ ਨੰਬਰ-8 ਦੇ ਉਮੀਦਵਾਰ ਸੁਰਿੰਦਰ ਸਿੰਘ ਜੱਗੀ ਨੂੰ ਜਿੱਤਣ ਦੇ ਬਾਵਜੂਦ ਹਰਾ ਦਿੱਤਾ ਪਰ ਡੀਸੀ ਸੰਗਰੂਰ ਜਾਂ ਚੋਣ ਆਬਜ਼ਰਵਰ ਨੇ ਵੀ ਕੋਈ ਇਨਸਾਫ਼ ਨਹੀਂ ਕੀਤਾ ਜਿਸ ਕਰਕੇ ਲੋਕ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਲਕੇ ਉਹ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਲੈ ਕੇ ਜਾਣਗੇ। ਇਨਸਾਫ਼ ਨਾ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।
ਧੱਕੇਸ਼ਾਹੀ ਕਰਨ ਵਾਲਿਆਂ ਨੂੰ ਸਜ਼ਾ ਦਿਵਾ ਕੇ ਰਹਾਂਗੇ: ਢੀਂਡਸਾ
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵੇਲੇ ਲੋਕਤੰਤਰ ਦਾ ਘਾਣ ਕਰ ਕੇ ਵੱਡਾ ਨੁਕਸਾਨ ਕੀਤਾ ਹੈ, ਜਿਸ ਕਰ ਕੇ ਲੋਕਾਂ ’ਚ ਅਸ਼ਾਂਤੀ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਉਕਤ ਵਾਰਡਾਂ ਦੀ ਤੁਰੰਤ ਦੁਬਾਰਾ ਗਿਣਤੀ ਕਰਵਾਉਣ ਦੀ ਮੰਗ ਕੀਤੀ।