ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 18 ਅ਼ਕਤੂਬਰ
ਅੱਜ ਇੱਥੇ ਬੀਡੀਪੀਓ ਦਫਤਰ ਵਿਖੇ ਡੈਮੋਕਰੇਟਿਕ ਮਨਰੇਗਾ ਫਰੰਟ ਦੀ ਅਗਵਾਈ ਹੇਠ ਪਿੰਡ ਕਪਿਆਲ, ਰੇਤਗੜ, ਰਾਮਪੁਰਾ, ਫੱਗੂਵਾਲਾ, ਗਹਿਲਾਂ ਅਤੇ ਜੌਲੀਆਂ ਦੇ ਮਨਰੇਗਾ ਕਾਮਿਆਂ ਵੱਲੋਂ ਮਨਰੇਗਾ ਕਾਨੂੰਨ ਅਨੁਸਾਰ ਕੰਮ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਸਵੀਰ ਕੌਰ ਫੱਗੂਵਾਲਾ, ਸਰਬਜੀਤ ਕੌਰ ਬਖੋਪੀਰ, ਹਰਭਜਨ ਕੌਰ ਜੌਲੀਆਂ, ਮਨਜੀਤ ਕੌਰ ਗਹਿਲਾਂ, ਕਰਨੈਲ ਸਿੰਘ ਰੇਤਗੜ, ਗੁਰਮੀਤ ਕੌਰ ਰਾਮਪੁਰਾ, ਬਲਜੀਤ ਕੌਰ ਬਖਤੜਾ, ਆਈਡੀਪੀ ਦੇ ਜ਼ਿਲ੍ਹਾ ਪ੍ਰਧਾਨ ਤਾਰਾ ਸਿੰਘ ਫੱਗੂਵਾਲਾ ਅਤੇ ਸਾਧੂ ਸਿੰਘ ਬਾਲਦ ਨੇ ਕਿਹਾ ਕਿ ਮਨਰੇਗਾ ਕਾਨੂੰਨ ਅਨੁਸਾਰ ਮਨਰੇਗਾ ਕਾਮਿਆਂ ਨੂੰ ਸਾਲ ਵਿੱਚ 100 ਦਿਨ ਦਾ ਰੁਜ਼ਗਾਰ ਦਿੱਤਾ ਜਾਵੇ ਕਿਉਂਕਿ ਇਹ ਰੁਜ਼ਗਾਰ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਕਾਮਿਆਂ ਦੀ ਬਕਾਇਦਾ ਮਾਸਟਰੋਲ ਤੇ ਹਾਜ਼ਰੀ ਲਗਵਾਈ ਜਾਵੇ। ਉਨ੍ਹਾਂ ਕੰਮ ਮੰਗਣ ਦੀਆਂ ਅਰਜ਼ੀਆਂ ਅਤੇ ਨਵੇਂ ਜੌਬ ਕਾਰਡਾਂ ਲਈ ਫਾਰਮ ਭਰ ਕੇ ਵੀ ਦਿੱਤੇ। ਬੁਲਾਰਿਆਂ ਨੇ ਕਿਹਾ ਕਿ ਜੇ ਕਾਨੂੰਨ ਅਨੁਸਾਰ ਰੁਜ਼ਗਾਰ ਨਾ ਦਿੱਤਾ ਗਿਆ ਤਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਾਨੂੰਨ ਅਨੁਸਾਰ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਨਾ ਦਿੱਤਾ ਗਿਆ ਤਾਂ ਉਹ ਜੱਦੋਜਹਿਦ ਕਰਨਗੇ।