ਪੱਤਰ ਪੇ੍ਰਕ
ਸਮਾਣਾ, 13 ਸਤੰਬਰ
ਵਾਰਡ ਨੰਬਰ 19 ਦੇ ਵਿਕਾਸ ਕਾਰਜ ਨਾ ਹੋਣ ਤੇ ਵਾਰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਨਗਰ ਕੌਂਸਲ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਾਰਡ ਦੀ ਆਜ਼ਾਦ ਉਮੀਦਵਾਰ ਵਜੋਂ ਬਣੀ ਕੌਂਸਲਰ ਅੰਗਰੇਜ ਕੌਰ ਤੇ ਉਸ ਦੇ ਪਤੀ ਕੁਲਵਿੰਦਰ ਸਿੰਘ ਨੇ ਹਲਕਾ ਵਿਧਾਇਕ ’ਤੇ ਦੋਸ਼ ਲਗਾਏ ਕਿ 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਉਨ੍ਹਾਂ ਨੂੰ ਕੌਂਸਲਰ ਬਣੇ ਨੂੰ, ਪਰ ਉਸ ਦੇ ਵਾਰਡ ਵਿਚ ਅਜੇ ਤੱਕ ਕੋਈ ਵਿਕਾਸ ਕਾਰਜ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਪਰ ਉਨ੍ਹਾਂ ਦੇ ਗੈਰ ਕਾਂਗਰਸੀ ਹੋਣ ਕਰਕੇ ਵਾਰਡ ਵਿਚ ਕੰਮ ਨਹੀਂ ਕਰਵਾਏ ਜਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਸ਼ਹਿਰ ਦੇ ਵਾਰਡਾਂ ਵਿਚ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ ਪਰ ਉਨ੍ਹਾਂ ਦਾ ਵਾਰਡ ਇਨ੍ਹਾਂ ਲਾਈਟਾਂ ਤੋਂ ਵੀ ਸੱਖਣਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਵਾਰਡ ਦੇ ਵਿਕਾਸ ਕਾਰਜ ਜਲਦੀ ਸ਼ੁਰੂ ਨਾ ਹੋਏ ਤਾਂ ਉਹ ਅਣ-ਮਿਥੇ ਸਮੇਂ ਲਈ ਨਗਰ ਕੌਂਸਲ ਦੇ ਦਫਤਰ ਮੁੂਹਰੇ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਸਬੰਧੀ ਹਲਕਾ ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਸਾਰੇ ਕੌਂਸਲਰ ਇਕ ਬਰਾਬਰ ਹਨ ਅਤੇ ਕਿਸੇ ਨਾਲ ਵੀ ਭੇਦਭਾਵ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ’ਚ ਬਿਨਾਂ ਕਿਸੇ ਪੱਖ-ਪਾਤ ਤੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਵਿਧਾਇਕ ਵੱਲੋਂ ਪਿੰਡ ਕੁਤਬਨਪੁਰ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ
ਸਮਾਣਾ ਨੇੜਲੇ ਪਿੰਡ ਕੁਤਬਨਪੁਰ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਗਏ। ਜਿਨ੍ਹਾਂ ਵਿਚ ਪਿੰਡ ਦੇ ਸ਼ਮਸ਼ਾਨ ਘਾਟ, ਬੱਸ ਅੱਡਾ, ਪੰਚਾਇਤ ਘਰ ਤੇ ਸਰਕਾਰੀ ਸਕੂਲ ਵਿਖੇ ਬਣੇ ਸ਼ੈੱਡ ਤੇ ਬਾਥਰੁੂਮਾਂ ਦਾ ਉਦਘਾਟਨ ਹਲਕਾ ਵਿਧਾਇਕ ਰਾਜਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਕਾਰਜਾਂ ਵਿਚ ਲੱਗੀ ਹੋਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦਾ ਸਾਥ ਦੇ ਕੇ ਸੱਤਾ ਵਿਚ ਲਿਆਉਣ। ਇਸ ਮੌਕੇ ਪਿੰਡ ਕੁਤਬਨਪੁਰ ਦੇ ਸਰਪੰਚ ਅਰਜਨ ਸਿੰਘ ਭਿੰਡਰ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜ ਜੋ ਪਿਛਲੇ ਲੰਮੇ ਸਮੇਂ ਤੋਂ ਲਟਕੇ ਪਏ ਸਨ, ਨੂੰ ਹਲਕਾ ਵਿਧਾਇਕ ਰਾਜਿੰਦਰ ਸਿੰਘ ਨੇ ਪੁੂਰਾ ਕਰਵਾ ਕੇ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਹੈ।