ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਅਗਸਤ
ਇੱਥੇ ਅੱਜ ਪੀਡਬਲਿਊਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਸਿੰਜਾਈ ਵਿਭਾਗ ’ਚੋ ਅਸਾਮੀਆਂ ਖ਼ਤਮ ਕਰਨ ਵਿਰੁੱਧ ਰੋਸ ਵਿਖਾਵਾ ਕੀਤਾ ਗਿਆ ਅਤੇ ਸਰਕਾਰ ਦੀਆਂ ਮਾੜੀ ਨੀਤੀਆਂ ਦਾ ਸ਼ਿਕਾਰ ਹੋਏ ਸਿੰਜਾਈ ਵਿਭਾਗ ਨੂੰ ਨਿੱਜੀ ਹੱਥਾਂ ’ਚ ਸੌਂਪਣ ਵੱਲ ਵਧਣ ’ਤੇ ਚਿੰਤਾ ਪ੍ਰਗਟ ਕੀਤੀ ਗਈ।
ਯੂਨੀਅਨ ਦੇ ਆਗੂਆਂ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ, ਸੁਖਦੇਵ ਸਿੰਘ ਚੰਗਾਲੀਵਾਲਾ, ਅਨਿਲ ਕੁਮਾਰ, ਮਾਲਵਿੰਦਰ ਸਿੰਘ ਸੰਧੂ, ਦਰਸ਼ਨ ਸਿੰਘ ਚੀਮਾ, ਗੁਰਜੰਟ ਸਿੰਘ, ਰਾਮਪਾਲ ਸਿੰਘ, ਰਛਪਾਲ ਸਿੰਘ ਦਿਆਲਪੁਰਾ ਅਤੇ ਕੁਲਦੀਪ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਤੋਂ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦੇਣ ਵਾਲਾ ਤੇ ਸਿੰਜਾਈ ਦਾ ਪਾਣੀ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਾਲਾ ਸਿੰਚਾਈ ਵਿਭਾਗ ਸਰਕਾਰ ਦੀ ਮਾੜੀ ਨਜ਼ਰ ਦਾ ਸ਼ਿਕਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 14500 ਕਿਲੋਮੀਟਰ ਲੰਬੀਆਂ ਨਹਿਰਾਂ ਜੋ ਕਿ 14.22 ਐੱਮਏਐੱਫ਼ ਪਾਣੀ ਨਿਰਧਾਰਤ ਸਥਾਨਾਂ ’ਤੇ ਲੈ ਕੇ ਜਾਂਦੀਆਂ ਹਨ। ਇਸ ਪਾਣੀ ਦੀ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਸਿੰਜਾਈ ਲਈ ਵਰਤੋਂ ਕਰਦੇ ਹਨ ਅਤੇ ਇਸੇ ਪਾਣੀ ਦੀ ਪੀਣ ਲਈ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 1949 ’ਚ ਹੋਂਦ ਵਿੱਚ ਲਿਆਂਦੇ ਗਏ ਇਸ ਵਿਭਾਗ ਦੀਆਂ 24263 ਅਸਾਮੀਆਂ ਜਿਨ੍ਹਾਂ ’ਤੇ 120 ਕਿਸਮ ਦੇ ਮੁਲਾਜ਼ਮ ਕੰਮ ਕਰਦੇ ਹਨ ਵਿੱਚੋਂ 8657 ਅਸਾਮੀਆਂ ’ਤੇ ਸਰਕਾਰ ਨੇ ਕੱਟ ਲਗਾ ਕੇ 15605 ਅਸਾਮੀਆਂ ਤੱਕ ਸੀਮਤ ਕਰ ਦਿੱਤਾ ਹੈ। ਅੱਜ ਵੀ ਵਿਭਾਗ ’ਚ 17494 ਮੁਲਾਜ਼ਮ ਕੰਮ ਕਰਦੇ ਹਨ ਜਿੱਥੇ 1893 ਕੰਮ ਕਰਦੇ ਮੁਲਾਜ਼ਮਾਂ ਦੀਆਂ ਅਸਾਮੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਉੱਥੇ ਹੀ ਕਈ ਦਫ਼ਤਰਾਂ ਦਾ ਨਾਮੋ ਨਿਸ਼ਾਨ ਵੀ ਮਿਟਾ ਦਿੱਤਾ ਗਿਆ ਹੈ। ਇਸ ਨਾਲ ਵਿਭਾਗ ਵਿਚ ਕੰਮ ਕਰਦੇ ਦਰਜਾ ਤਿੰਨ ਅਤੇ ਦਰਜਾ ਚਾਰ ਕਰਮਚਾਰੀ ਚਿੰਤਾ ’ਚ ਹਨ ਅਤੇ ਬੇਚੈਨੀ ਮਹਿਸੂਸ ਕਰ ਰਹੇ ਹਨ। ਇਸ ਤੋਂ ਇਲਾਵਾ ਵਿਭਾਗ ਵਿੱਚ ਕੰਮ ਕਰਦੇ ਅੰਗਹੀਣ, ਵਿਧਵਾ ਤੇ ਹੋਰ ਮੁਲਾਜ਼ਮ ਸਰਕਾਰ ਦੇ ਫੈਸਲੇ ਤੋਂ ਡਰੇ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਘਰੋਂ ਬੇਘਰ ਹੋਣ ਦੀ ਚਿੰਤਾ ਸਤਾ ਰਹੀ ਹੈ। ਆਗੂਆਂ ਨੇ ਕਿਹਾ ਕਿ ਜਲ ਸਰੋਤ ਕਾਮਿਆਂ ਨੂੰ ਬਚਾਉਣ ਲਈ ਯੂਨੀਅਨ ਲਗਾਤਾਰ ਤੇ ਤਿੱਖਾ ਸੰਘਰਸ਼ ਕਰਨ ਲਈ ਤਿਆਰ ਹੈ ਅਤੇ ਇਨ੍ਹਾਂ ਕਾਮਿਆਂ ਨੂੰ ਬਚਾਉਣ ਲਈ ਕੋਈ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟੇਗੀ।