ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਜੁਲਾਈ
ਕੇਂਦਰੀ ਭੰਡਾਰ ਅਧੀਨ ਪੇਂਡੂ ਤੇ ਸ਼ਹਿਰੀ ਖੇਤਰ ਵਿੱਚ ਮਾਰਕਫੈੱਡ ਪੰਜਾਬ ਦੀ ਨਿਗਰਾਨੀ ਹੇਠ ਖੋਲ੍ਹੀਆਂ ਦੁਕਾਨਾਂ ’ਤੇ ਘਰ-ਘਰ ਰਾਸ਼ਨ ਵੰਡਣ ਲਈ ਜਨਵਰੀ ’ਚ ਨਿਯੁਕਤ ਕੀਤੇ ਅਤੇ 30 ਜੂਨ ਨੂੰ ਨੌਕਰੀ ਤੋਂ ਫਾਰਗ ਕੀਤੇ ਨੌਜਵਾਨਾਂ ਵੱਲੋਂ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀ ਕਿਸੇ ਵੀ ਫੀਲਡ ਵਿਚ ਕੰਮ ’ਤੇ ਬਹਾਲ ਕਰਨ ਅਤੇ ਬਕਾਇਆ ਤਨਖਾਹਾਂ, ਖਰਚੇ ਅਤੇ ਹੋਰ ਬਿੱਲਾਂ ਦੀ ਅਦਾਇਗੀ ਕਰਨ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਸੇਬੀ ਖੰਡੇਬਾਦ, ਅਕਾਸ਼ਦੀਪ ਸਿੰਘ ਲਾਡਬੰਜਾਰਾ, ਗਗਨਦੀਪ ਬੰਗਾਂ, ਅਮਾਨਤ ਅੜਕਵਾਸ, ਸੰਦੀਪ ਤੁੰਗਾਂ, ਜਗਦੀਸ਼ ਕੋਹਰੀਆਂ, ਬੇਅੰਤ ਸਿੰਘ ਖੇੜੀ ਜੱਟਾਂ, ਜਗਸੀਰ ਸਿੰਘ ਸਿਹਾਲ, ਰਾਜੂ ਸੁਨਾਮ ਆਦਿ ਨੇ ਦੱਸਿਆ ਕਿ ਕੇਂਦਰੀ ਭੰਡਾਰ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਮਾਰਕਫੈਡ ਦੀ ਸੁਪਰਵੀਜ਼ਨ ਅਧੀਨ ਘਰ-ਘਰ ਰਾਸ਼ਨ ਪਹੁੰਚਾਉਣ ਲਈ ਜਨਵਰੀ-2024 ਦੁਕਾਨਾਂ ਖੋਲ੍ਹੀਆਂ ਗਈਆਂ ਸਨ ਜਿਥੋਂ ਘਰ-ਘਰ ਰਾਸ਼ਨ ਪਹੁੰਚਾਉਣ ਦੇ ਕੰਮ ਲਈ ਸੁਪਰਵਾਈਜ਼ਰ, ਫੀਲਡ ਸੁਪਰਵਾਈਜ਼ਰ, ਦੁਕਾਨਦਾਰ, ਡਰਾਈਵਰ ਅਤੇ ਵਰਕਰ ਨਿਯੁਕਤ ਕੀਤੇ ਸਨ। ਉਨ੍ਹਾਂ ਦੱਸਿਆ ਕਿ ਬੀਤੀ 30 ਜੂਨ ਨੂੰ ਦੁਕਾਨਾਂ ਦੀਆਂ ਚਾਬੀਆਂ ਅਤੇ ਬਾਇਓਮੈਟ੍ਰਿਕ ਮਸ਼ੀਨਾਂ ਵਾਪਸ ਲੈ ਕੇ ਕੰਮ ਤੋਂ ਫਾਰਗ ਕਰ ਦਿੱਤਾ ਸੀ। ਦੁਕਾਨਾਂ ਵਿਚ ਫਰਨੀਚਰ ਅਤੇ ਹੋਰ ਸਮਾਨ ਦਾ ਵਰਕਰਾਂ ਵਲੋਂ ਖੁਦ ਹੀ ਪ੍ਰਬੰਧ ਕੀਤਾ ਸੀ। ਉਨ੍ਹਾਂ ਮੰਗ ਕੀਤੀ ਕਿ ਮੁੜ ਸ਼ੁਰੂ ਕੀਤੀ ਜਾ ਰਹੀ ਯੋਜਨਾ ਤਹਿਤ ਮਾਰਕਫੈੱਡ ਵਲੋਂ ਰਾਸ਼ਨ ਦਾ ਕੰਮ ਚਾਲੂ ਕੀਤਾ ਜਾਣਾ ਹੈ ਜਿਸ ਵਿੱਚ ਨੌਕਰੀਆਂ ਲਈ ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇ।