ਪੱਤਰ ਪ੍ਰੇਰਕ
ਲਹਿਰਾਗਾਗਾ, 1 ਅਗਸਤ
ਇੱਥੇ ਲੋਕ ਚੇਤਨਾ ਮੰਚ ਲਹਿਰਾਗਾਗਾ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਪ੍ਰਦਰਸ਼ਨ ਭਾਰਤ ਦੀ ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ ਮੰਚ ਵੱਲੋਂ ਸ਼ਹੀਦੀ ਦਿਹਾੜਾ ਸਾਮਰਾਜਵਾਦ ਵਿਰੋਧੀ ਦਿਵਸ ਦੇ ਤੌਰ ’ਤੇ ਮਨਾਇਆ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼ਹੀਦ ਉਧਮ ਸਿੰਘ ਜਿਸ ਪਵਿੱਤਰ ਕਾਜ਼ ਅਤੇ ਜਿਹੜੀ ਆਜ਼ਾਦੀ ਲਈ ਤਾਉਮਰ ਜੂਝਿਆ ਅਤੇ ਸ਼ਹੀਦ ਹੋਇਆ ਉਹ ਕਾਜ਼ ਅਜੇ ਵੀ ਅਧੂਰਾ ਹੈ। ਜੇਕਰ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਭਾਰਤ ਨੂੂੰ ਹਾਸਲ ਹੋਈ ਹੁੰਦੀ ਤਾਂ ਨਾ ਤਾਂ ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੂੂੰ ਕਿਸਾਨ ਤੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਮਹੀਨਿਆਂਬੱਧੀ ਦਿੱਲੀ ਦੀਆਂ ਬਰੂਹਾਂ ’ਤੇ ਬੈਠਣ ਪੈਂਦਾ ਅਤੇ ਨਾ ਹੀ ਆਦਿਵਾਸੀਆਂ, ਦਲਿਤਾਂ ਤੇ ਹਕੂਮਤਾਂ ਤੋ ਪੀੜਤ ਲੋਕਾਈ ਦੇ ਹੱਕਾਂ ਲਈ ਲੜਨ ਵਾਲੇ ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁੰਨਾਂ ਨੂੂੰ ਸਰਾਸਰ ਝੂਠੇ ਭੀਮਾ-ਕੋਰੇਗਾਓਂ ਵਰਗੇ ਕੇਸਾਂ ਵਿੱਚ ਜੇਲ੍ਹਾਂ ਵਿੱਚ ਬੰਦ ਹੋਣਾ ਪੈਂਦਾ। ਮੰਚ ਵੱਲੋਂ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਅੰਦੋਲਨ ਦੇ ਹੱਕ ਤੱਕ ਜਾਖਲ-ਸੁਨਾਮ ਰੋਡ ’ਤੇ ਪ੍ਰਦਰਸ਼ਨ ਕੀਤਾ ਜਾਂਦਾ ਹੈ। ਜਿਸ ਵਿੱਚ ਖੇਤੀ ਸਬੰਧੀ ਤਿੰਨ ਕਾਲ਼ੇ ਕਾਨੂੰਨਾਂ ਨੂੂੰ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ ਜਾਂਦੀ ਹੈ ਅਤੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਪ੍ਰਦਰਸ਼ਨ ਤੋਂ ਬਾਅਦ ਮੰਚ ਦੇ ਕਾਰਕੁਨਾਂ ਦੇ ਕਾਫਲੇ ਨੇ ਸ਼ਹੀਦ ਉਧਮ ਸਿੰਘ ਦੇ ਸਮਾਰਕ ’ਤੇ ਪੁੱਜ ਕੇ ਉਨ੍ਹਾਂ ਨੂੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੰਚ ਦੇ ਸਕੱਤਰ ਹਰਭਗਵਾਨ ਗੁਰਨੇ, ਗੁਰਚਰਨ ਕੈਸ਼ੀਅਰ, ਰਣਜੀਤ ਲਹਿਰਾ, ਨਾਮਦੇਵ ਭੁਟਾਲ, ਜਗਦੀਸ਼ ਪਾਪੜਾ, ਸੁਖਦੇਵ ਚੰਗਾਲੀਵਾਲਾ, ਰਾਮਚੰਦਰ ਸਿੰਘ ਖਾਈ, ਭੀਮ ਸਿੰਘ, ਮਾਸਟਰ ਕੁਲਦੀਪ ਸਿੰਘ, ਮਹਿੰਦਰ ਸਿੰਘ, ਜੋਰਾ ਸਿੰਘ ਗਾਗਾ ਤਰਸੇਮ ਭੋਲੂ, ਸੁਖਜਿੰਦਰ ਲਾਲੀ, ਬਲਦੇਵ ਚੀਮਾ, ਮਾਸਟਰ ਕੁਲਵਿੰਦਰ ਸਿੰਘ, ਵਰਿੰਦਰ ਭੁਟਾਲ, ਜਸਵਿੰਦਰ ਗਾਗਾ, ਪ੍ਰਗਟ ਸਿੰਘ ਰਾਮਗੜ ਸਮੇਤ ਦਿੱਲੀ ਮੋਰਚੇ ਤੋਂ ਘਰ ਪਰਤ ਰਹੇ ਕੁੱਝ ਨੌਜਵਾਨ ਵੀ ਸ਼ਾਮਲ ਸਨ।