ਪੱਤਰ ਪ੍ਰੇਰਕ
ਲਹਿਰਾਗਾਗਾ, 28 ਸਤੰਬਰ
ਇੱਥੇ ਵਾਲਮੀਕਿ ਨੌਜਵਾਨ ਸਭਾ, ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਅਤੇ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਅੱਜ ਇੱਕ ਨਿੱਜੀ ਚੈਨਲ ’ਤੇ ਦਿਖਾਏ ਜਾ ਰਹੇ ਪ੍ਰੋਗਰਾਮ ’ਚ ਭਗਵਾਨ ਵਾਲਮੀਕਿ ਬਾਰੇ ਕਥਿਤ ਤੌਰ ’ਤੇ ਅਪਸ਼ਬਦ ਬੋਲ ਕੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਖਿਲਾਫ਼ ਮੁਜ਼ਾਹਰਾ ਕੀਤਾ। ਬਾਅਦ ’ਚ ਸਿਟੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਮੁੱਖ ਬਾਜ਼ਾਰ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਸੈਨੇਟਰੀ ਇੰਸਪੈਕਟਰ ਹਰੀ ਰਾਮ ਭੱਟੀ ਨੇ ਕਿਹਾ ਕਿ ਸਾਜ਼ਿਸ਼ ਕਰਕੇ ‘ਕੁੰਡਲੀ’ ਨਾਮੀ ਸੀਰੀਅਲ ’ਚ ਵਾਲਮੀਕਿ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਿਆਂ ਭਗਵਾਨ ਵਾਲਮੀਕਿ ਲਈ ਡਾਕੂ ਤੇ ਭਗੌੜਾ ਵਰਗੇ ਸ਼ਬਦ ਵਰਤੇ ਗਏ। ਸੀਰੀਅਲ ਦੀ ਡਾਇਰੈਕਟਰ ਏਕਤਾ ਕਪੂਰ, ਅਦਾਕਾਰ ਸ਼ਾਰਦਾ ਆਰਿਆ ਤੇ ਪ੍ਰੀਤਾ ਅਰੋੜਾ ਵੱਲੋਂ ਦੁਨੀਆਂ ਨੂੰ ਗਲਤ ਸੁਨੇਹਾ ਦੇਣ ਕਰ ਕੇ ਪੂਰੇ ਵਾਲਮੀਕਿ ਸਮਾਜ ’ਚ ਰੋਸ ਹੈ। ਉਨ੍ਹਾਂ ਡਾਇਰੈਕਟਰ ਤੇ ਅਦਾਕਾਰਾਂ ਖਿਲਾਫ਼ ਕੇਸ ਦਰਜ ਕਰਨ ਤੇ ਇਸ ਨੂੰ ਤੁਰੰਤ ਬੰਦ ਕਰਾਉਣ ਦੀ ਮੰਗ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ, ਜਤਿੰਦਰਪਾਲ ਸਿੰਘ, ਮੇਜਰ ਸਿੰਘ, ਰਿਸ਼ੀ ਪਾਲ, ਬਾਬੂ ਰਾਮ, ਅਵਤਾਰ ਸਿੰਘ, ਛੋਟਾ ਗਿੱਲ, ਜਿਲਾ ਰਾਮ ਤੇ ਭੀਮ ਸਿੰਘ ਆਦਿ ਨੇ ਸੰਬੋਧਨ ਕੀਤਾ।