ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 18 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਬਲਾਕ ਸ਼ੇਰਪੁਰ ਇਕਾਈ ਦੇ ਆਗੂਆਂ ਵੱਲੋਂ ਪ੍ਰਧਾਨ ਕਰਮਜੀਤ ਸਿੰਘ ਗੁਰਬਖ਼ਸ਼ਪੁਰਾ ਦੀ ਅਗਵਾਈ ਹੇਠ ਡੀਐੱਸਪੀ ਮਾਲੇਰਕੋਟਲਾ ਕੁਲਦੀਪ ਸਿੰਘ ਦੇ ਦਫ਼ਤਰ ਅੱਗੇ ਸੰਕੇਤਕ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਕਾਤਰੋਂ ਨੇ ਕਿਹਾ ਕਿ ਪਿੰਡ ਮਾਹਮਦਪੁਰ ਦੇ ਮਜ਼ਦੂਰ ਗੁਰਮੀਤ ਸਿੰਘ ਅਤੇ ਮਾਲੇਰਕੋਟਲਾ ਦੇ ਫਾਇਨਾਂਸਰ ਦਰਮਿਆਨ ਲੈਣ-ਦੇਣ ਦੇ ਮਾਮਲੇ ਦਾ ਨਿਪਟਾਰਾ ਕਰਵਾਉਣ ਲਈ ਕਿਸਾਨ ਆਗੂ 17 ਮਾਰਚ ਨੂੰ ਫਾਇਨਾਂਸਰ ਦੇ ਦਫ਼ਤਰ ਗਏ ਤਾਂ ਉਸ ਨੇ ਮਜ਼ਦੂਰ ਗੁਰਮੀਤ ਸਿੰਘ ਨੂੰ ਕਥਿਤ ਤੌਰ ’ਤੇ ਜਾਤੀ ਸੂਚਕ ਸ਼ਬਦ ਬੋਲੇ। ਮਜ਼ਦੂਰ ਗੁਰਮੀਤ ਸਿੰਘ ਨੇ ਸਾਰਾ ਮਾਮਲਾ ਲਿਖਤੀ ਰੂਪ ਵਿੱਚ ਐੱਸਡੀਐੱਮ ਮਾਲੇਰਕੋਟਲਾ ਦੇ ਧਿਆਨ ਵਿੱਚ ਲਿਆਂਦਾ। ਐੱਸਡੀਐੱਮ ਨੇ ਗੁਰਮੀਤ ਸਿੰਘ ਦੀ ਦਰਖ਼ਾਸਤ ਮਾਮਲੇ ਦੇ ਨਿਪਟਾਰੇ ਲਈ ਉਪ ਪੁਲੀਸ ਕਪਤਾਨ ਮਾਲੇਰਕੋਟਲਾ ਕੋਲ ਭੇਜ ਦਿੱਤੀ। ਅੱਗੋਂ ਉਪ ਪੁਲੀਸ ਕਪਤਾਨ ਨੇ ਮਾਮਲੇ ਦੀ ਪੜਤਾਲ ਲਈ ਦਰਖ਼ਾਸਤ ਥਾਣਾ ਸ਼ਹਿਰੀ-1 ਨੂੰ ਭੇਜ ਦਿੱਤੀ। ਕਿਸਾਨ ਆਗੂ ਨੇ ਕਿਹਾ ਕਿ ਜਥੇਬੰਦੀ ਨੇ ਅੱਜ ਫਿਰ ਸਾਰਾ ਮਾਮਲਾ ਉਪ ਪੁਲੀਸ ਕਪਤਾਨ ਦੇ ਧਿਆਨ ਵਿੱਚ ਲਿਆਂਦਾ ਹੈ।
ਉਧਰ , ਫਾਇਨਾਂਸ ਕੰਪਨੀ ਦੇ ਹਿੱਸੇਦਾਰ ਨਰਿੰਦਰਪਾਲ ਸਿੰਘ ਨੇ ਸੰਪਰਕ ਕਰਨ ’ਤੇ ਗੁਰਮੀਤ ਸਿੰਘ ਵੱਲੋਂ ਜਾਤੀਸੂਚਕ ਸ਼ਬਦ ਬੋਲਣ ਦੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਗੁਰਸਿੱਖ ਹੋਣ ਨਾਤੇ ਜਾਤ ਪਾਤ ਪ੍ਰਬੰਧ ਵਿੱਚ ਯਕੀਨ ਨਹੀਂ ਰੱਖਦਾ। ਉਸ ਨੇ ਦੱਸਿਆ ਕਿ ਗੁਰਮੀਤ ਸਿੰਘ ਨੇ 2019 ‘ਚ ਉਨ੍ਹਾਂ ਦੀ ਕੰਪਨੀ ਤੋਂ ਮੋਟਰਸਾਈਕਲ ਫਾਇਨਾਂਸ ਕਰਵਾਇਆ ਸੀ,ਜਿਸ ਦੀਆਂ ਉਸ ਨੇ ਕੁੱਝ ਕਿਸ਼ਤਾਂ ਹੀ ਭਰੀਆਂ ਹਨ। ਗੁਰਮੀਤ ਸਿੰਘ ਨਾਲ ਲੈਣ- ਦੇਣ ਦਾ ਮਾਮਲਾ ਅਦਾਲਤ ਵਿੱਚ ਹੈ ਅਤੇ ਫਾਇਨਾਂਸ ਕਰਵਾਇਆ ਮੋਟਰਸਾਈਕਲ ਵੀ ਗੁਰਮੀਤ ਸਿੰਘ ਕੋਲ ਹੀ ਹੈ।