ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਅਗਸਤ
ਦਿ ਰੈਵਨਿਊ ਪਟਵਾਰ/ਕਾਨੂੰਨਗੋ ਯੂਨੀਅਨ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਭਰ ਦੇ ਪਟਵਾਰੀਆਂ ਅਤੇ ਕਾਨੂੰਨਗੋਆਂ ਵੱਲੋਂ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੇ ਪਟਵਾਰੀਆਂ ਦੀਆਂ ਅਸਾਮੀਆਂ ਘਟਾਉਣ ਦੇ ਫ਼ੈਸਲੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਕਾਨੂੰਨਗੋ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿਥੀ ਚੰਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਨਰਗਠਨ ਦੇ ਨਾਂ ਹੇਠ ਪਟਵਾਰੀਆਂ ਦੀਆਂ ਅਸਾਮੀਆਂ 4716 ਤੋਂ ਘਟਾ ਕੇ 3660 ਕਰ ਦਿੱਤੀਆਂ ਹਨ ਜਦਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਦਾ ਵੱਡੇ ਪੱਧਰ ਤੇ ਸ਼ਹਿਰੀਕਰਨ ਹੋਣ ਕਰਕੇ ਕਈ ਨਵੇਂ ਜ਼ਿਲ੍ਹੇ ਅਤੇ ਤਹਿਸੀਲਾਂ ਹੋਂਦ ਵਿੱਚ ਆ ਚੁੱਕੀਆਂ ਹਨ ਜਿਸ ਨਾਲ ਪਟਵਾਰੀਆਂ ਦਾ ਕੰਮ ਘਟਣ ਦੀ ਬਜਾਏ ਕਾਫੀ ਵੱਧ ਚੁੱਕਾ ਹੈ। ਇੱਕ ਪਾਸੇ ਤਾਂ ਸਰਕਾਰਾਂ ਨੇ ਪੰਜਾਬ ਦੇ ਜ਼ਿਲ੍ਹੇ 13 ਤੋਂ 23 ਅਤੇ ਤਹਿਸੀਲਾਂ 62 ਤੋਂ 96 ਕਰ ਦਿੱਤੀਆਂ ਹਨ ਅਤੇ ਦੂਜੇ ਪਾਸੇ ਪਟਵਾਰੀਆਂ ਦੀਆਂ ਪੋਸਟਾ ਘਟਾਉਣਾ ਸਰਕਾਰ ਦੀ ਦੋਗਲੀ ਨੀਤੀ ਨੂੰ ਬਿਆਨ ਕਰਦਾ ਹੈ। ਪਟਵਾਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਜਿੰਮੀ ਗੋਇਲ ਨੇ ਕਿਹਾ ਕਿ ਮਾਲ ਮਹਿਕਮੇ ਦੀ ਤ੍ਰਾਸਦੀ ਹੈ ਕਿ ਪਟਵਾਰੀਆਂ ਨੂੰ ਮਾਲ ਰਿਕਾਰਡ ਆਨਲਾਈਨ ਅਤੇ ਆਫਲਾਈਨ ਰੱਖਣਾ ਪੈਂਦਾ ਹੈ। ਦਵਿੰਦਰਪਾਲ ਸਿੰਘ ਰਿੰਪੀ ਕਾਨੂੰਨਗੋ ਨੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਚਲਾਈ ਨਵੀਂ ਸਕੀਮ ‘ਮੇਰਾ ਘਰ ਮੇਰੇ ਨਾਮ’ ਨਾਲ ਪਟਵਾਰੀਆਂ ਦਾ ਕੰਮ ਬਹੁਤ ਵਧ ਗਿਆ ਹੈ ਜਿਸ ਕਰਕੇ ਪਟਵਾਰੀਆਂ ਦੀਆਂ ਪੋਸਟਾਂ ਘਟਾਉਣ ਦੀ ਬਜਾਇ ਵਧਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ’ਤੇ ਐਨਾ ਹੀ ਵਿੱਤੀ ਬੋਝ ਹੈ ਤਾਂ ਉਹ ਨਵੀਆਂ ਬਣਾਈਆਂ ਤਹਿਸੀਲਾਂ ਅਤੇ ਜ਼ਿਲ੍ਹੇ ਖਤਮ ਕਰ ਦੇਵੇ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਅਸਾਮੀਆਂ ਘਟਾਉਣ ਦਾ ਨਾਦਰਸ਼ਾਹੀ ਪੱਤਰ ਜਲਦ ਵਾਪਸ ਨਾ ਲਿਆ ਤਾਂ ਜਲਦ ਹੀ ਪੰਜਾਬ ਬਾਡੀ ਦੀ ਮੀਟਿੰਗ ਕਰ ਕੇ ਅਗਲਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਤਰਸੇਮ ਸਿੰਘ, ਤਹਿਸੀਲ ਪ੍ਰਧਾਨ ਕ੍ਰਮਵਾਰ ਗੁਰਪ੍ਰੀਤ ਸਿੰਘ ਦਿੜ੍ਹਬਾ, ਸੁਖਵਿੰਦਰ ਸਿੰਘ ਸੁਨਾਮ, ਸੁਖਜਿੰਦਰ ਸਿੰਘ ਮੂਨਕ, ਅਤੇ ਸੁਮਨਦੀਪ ਸਿੰਘ ਭਵਾਨੀਗੜ੍ਹ ਅਤੇ ਹੋਰ ਸਾਥੀ ਮੌਜੂਦ ਸਨ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਦਿ ਰੈਵੇਨਿਊ ਪਟਵਾਰ-ਕਾਨੂੰਨਗੋ ਯੂਨੀਅਨ ਤਾਲਮੇਲ ਕਮੇਟੀ ਪੰਜਾਬ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੁਨਰਗਠਨ ਦੇ ਨਾਂ ਹੇਠ ਸੂਬੇ ’ਚ ਪਟਵਾਰੀਆਂ ਦੀਆਂ ਅਸਾਮੀਆਂ 4716 ਤੋਂ ਘਟਾ ਕੇ 3660 ਕਰਨ ਦੇ ਰੋਸ ਵਜੋਂ ਡੀਸੀ ਦਫ਼ਤਰ ਮਾਲੇਰਕੋਟਲਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਦੀਦਾਰ ਸਿੰਘ ਛੋਕਰ, ਹਰਿੰਦਰਜੀਤ ਸਿੰਘ, ਹਰਦੀਪ ਸਿੰਘ ਮੰਡੇਰ, ਪਰਮਜੀਤ ਸਿੰਘ ਨਾਰੀਕੇ, ਮਨਦੀਪ ਕੌਰ, ਕਾਨੂੰਨਗੋ ਵਿਜੈਪਾਲ ਸਿੰਘ ਤੇ ਰਿਟਾਇਰਡ ਕਾਨੂੰਨਗੋ ਬਲਜੀਤ ਸਿੰਘ ਹਾਜ਼ਰ ਸਨ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਪਟਵਾਰੀਆਂ ਨੇ ਮਾਲ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਦੀ ਅਗਵਾਈ ਹੇਠਾਂ ਸੂਬੇ ਅੰਦਰ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨੇ ਦਿੱਤੇ। ਯੂਨੀਅਨ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਅਜੇ ਵੀ ਸਰਕਾਰ ਨੇ ਫੈਸਲਾ ਵਾਪਸ ਨਾ ਲਿਆ ਤਾਂ ਪਟਵਾਰੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸੇ ਦੌਰਾਨ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੁਖ ਸਿੰਘ ਖੈਰਪੁਰੀ ਦੀ ਅਗਵਾਈ ਹੇਠ ਪਟਿਆਲਾ ਵਿੱਚ ਦਿੱਤੇ ਗਏ ਧਰਨੇ ਦੌਰਾਨ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੁੱਖੀ ਤੇ ਪਟਿਆਲਾ ਤਹਿਸੀਲ ਦੇ ਪ੍ਰਧਾਨ ਟਹਿਲ ਸਿੰਘ ਮੱਲੇਵਾਲ ਸਮੇਤ ਜ਼ਿਲ੍ਹਾ ਅਹੁਦੇਦਾਰਾਂ ਤੇ ਤਹਿਸੀਲਾਂ ਦੇ ਪ੍ਰਧਾਨਾਂ ਤੇ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ।