ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 20 ਦਸੰਬਰ
ਉੱਤਰੀ ਭਾਰਤ ਵਿੱਚ ਮੇਲਾ ਛਪਾਰ ਲਈ ਮਸ਼ਹੂਰ ਗੁੱਗਾ ਮਾੜੀ ਦੇ ਸ਼ਰਧਾਲੂਆਂ ਨੂੰ ਲੈ ਕੇ ਦੋ ਬੱਸਾਂ ਦਿੱਲੀ ਮੋਰਚੇ ਵਿੱਚ ਹਿੱਸਾ ਲੈਣ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਲਈ ਰਵਾਨਾ ਹੋਈਆਂ। ਕਿਸਾਨਾਂ ਨੂੰ ਸਮਰਥਨ ਦੇਣ ਵਾਲਿਆਂ ਵਿੱਚ ਪਿੰਡਾਂ ਦੇ ਕਿਸਾਨਾਂ ਤੋਂ ਇਲਾਵਾ ਸ਼ਹਿਰ ਦੇ ਹਿੰਦੂ, ਸਿੱਖ ਅਤੇ ਮੁਸਲਮਾਨ ਵੀ ਸ਼ਾਮਲ ਸਨ। ਜਥਿਆਂ ਨਾਲ ਜਾ ਰਹੇ ਸ਼ਰਧਾਲੂਆਂ ਨੇ ਦਾਅਵਾ ਕੀਤਾ ਕਿ ਉਹ ਦਿੱਲੀ ਬਾਰਡਰ ’ਤੇ ਧਰਨੇ ਦੇ ਰਹੇ ਕਿਸਾਨਾਂ ਦਾ ਸਾਥ ਦੇਣ ਤੋਂ ਇਲਾਵਾ ਉੱਥੇ ਚੱਲ ਰਹੇ ਸੇਵਾ ਕਾਰਜਾਂ ਵਿੱਚ ਯੋਗਦਾਨ ਪਾਉਣਗੇ। ਗੁੱਗਾ ਮਾੜੀ ਵੈੱਲਫੇਅਰ ਆਰਗੇਨਾਈਜੇਸ਼ਨ ਦੇ ਸਰਪ੍ਰਸਤ ਜਤਿੰਦਰ ਸ਼ਰਮਾ ਹੈਪੀ ਬਾਬਾ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਦਾ ਫ਼ੈਸਲਾ ਇਸ ਤੱਥ ਦੇ ਮੱਦੇਨਜ਼ਰ ਲਿਆ ਗਿਆ ਸੀ ਕਿ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਦੇ ਕਿਸਾਨ ਆਪਣੀਆਂ ਫ਼ਸਲਾਂ ਅਤੇ ਲਵੇਰਿਆਂ ਦੀ ਚੰਗੀ ਸਿਹਤ ਲਈ ਗੁੱਗਾ ਮਾੜੀ ਵਿਖੇ ਹਰ ਸਾਲ ਲੱਗਣ ਵਾਲੇ ਮੇਲਾ ਛਪਾਰ ਵੇਲੇ ਮਿੱਟੀ ਕੱਢਣ ਆਉਂਦੇ ਹਨ। ਇਸ ਮੌਕੇ ਸਮਏ ਸੇਵਾ ਸੁਸਾਇਟੀ ਦੇ ਪ੍ਰਧਾਨ ਅਤੇ ਜਥਿਆਂ ਦੇ ਕਨਵੀਨਰ ਵਿਕਾਸ ਸ਼ਰਮਾ ਹਾਜ਼ਰ ਸਨ।
ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅਹੁਦੇਦਾਰ ਲੋੜੀਂਦੀਆਂ ਵਸਤਾਂ ਲੈ ਕੇ ਦਿੱਲੀ ਰਵਾਨਾ
ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ): ਪ੍ਰਧਾਨ ਸੁਰਿੰਦਰਪਾਲ ਸਿੰਘ ਟੋਨੀ ਕਾਲਖ ਦੀ ਅਗਵਾਈ ਹੇਠ ਲੋੜੀਂਦੀਆਂ ਜ਼ਰੂਰੀ ਵਸਤਾਂ ਲੈ ਕੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅੱਧੀ ਦਰਜਨ ਅਹੁਦੇਦਾਰ ਦਿੱਲੀ ਮੋਰਚੇ ਲਈ ਰਵਾਨਾ ਹੋਏ। ਸਿੰਘੂ ਤੇ ਟਿੱਕਰੀ ਬਾਰਡਰ ਲਈ ਰਵਾਨਾ ਹੋਣ ਤੋਂ ਪਹਿਲਾਂ ਗੱਲਬਾਤ ਕਰਦਿਆਂ ਟੋਨੀ ਕਾਲਖ ਅਤੇ ਕੁਮੈਂਟੇਟਰ ਗੁਰਪ੍ਰੀਤ ਸਿੰਘ ਬੇਰ ਕਲਾਂ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਸੰਘਰਸ਼ ਨੂੰ ਵੇਖਦਿਆਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਸਮੁੱਚੀ ਪੰਜਾਬ ਕਬੱਡੀ ਐਸੋਸੀਏਸ਼ਨ ਨੇ ਆਖਿਆ ਕਿ ਉਹ ਇਸ ਸਮੇਂ ਕਿਸਾਨਾਂ ਦੇ ਨਾਲ ਹਨ ਅਤੇ ਇੱਕ ਕਰ ਪੰਜਾਬ ਦੇ ਸਾਰੇ ਕਬੱਡੀ ਖਿਡਾਰੀ ਦਿੱਲੀ ਸੰਘਰਸ਼ ਵਿੱਚ ਸਾਮਲ ਹੋਣਗੇ ਅਤੇ ਇਸ ਦੇਸ਼ ਵਿਆਪੀ ਅੰਦੋਲਨ ਦਾ ਹਿੱਸਾ ਬਣਨਗੇ। ਇਸ ਮੌਕੇ ਅੰਤਰਰਾਸ਼ਟਰੀ ਵੈਟਰਨ ਕਬੱਡੀ ਖਿਡਾਰੀ ਜਗਤਾਰ ਸਿੰਘ ਧਨੌਲਾ, ਜਿੰਦਰ ਭੜੋ ਅਤੇ ਸਾਬਕਾ ਸਰਪੰਚ ਬਚਿੱਤਰ ਸਿੰਘ ਸਾਇਆ ਹਾਜ਼ਰ ਸਨ।