ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਜੁਲਾਈ
ਡਾਇਰੈਕਟਰ ਜਨਰਲ ਪੁਲੀਸ ਪੰਜਾਬ ਦਿਨਕਰ ਗੁਪਤਾ ਵੱਲੋਂ ਸਥਾਨਕ ਪੁਲੀਸ ਲਾਈਨ ਵਿਚ ਬੱਚਿਆਂ ਦੀ ਸਹੂਲਤ ਲਈ ਬਣਾਏ ਇਨਡੋਰ ਸਪੋਰਟਸ ਕੰਪਲੈਕਸ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ ਔਲਖ ਇੰਸਪੈਕਟਰ ਜਨਰਲ ਪੁਲੀਸ ਪਟਿਆਲਾ ਰੇਂਜ, ਡਾ. ਸੰਦੀਪ ਗਰਗ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ, ਸੰਦੀਪ ਗੋਇਲ ਜ਼ਿਲ੍ਹਾ ਪੁਲੀਸ ਮੁਖੀ ਬਰਨਾਲਾ ਅਤੇ ਸੰਗਰੂਰ ਡਿਸਟ੍ਰਿਕ ਇੰਡਸਟਰੀ ਚੈਂਬਰ ਦੇ ਪ੍ਰਧਾਨ ਘਣਸ਼ਾਮ ਕਾਂਸਲ ਤੇ ਹੋਰ ਮੈਂਬਰ ਮੌਜੂਦ ਸਨ।
ਇਸ ਮੌਕੇ ਡੀਜੀਪੀ ਦਿਨਕਰ ਗੁਪਤਾ ਵਲੋਂ ਐੱਸਐੱਸਪੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਇਹ ਵੱਡਾ ਉਪਰਾਲਾ ਹੈ। ਇਸ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹੇਗੀ ਅਤੇ ਬੱਚਿਆਂ ਨੂੰ ਆਪਣਾ ਭਵਿੱਖ ਸੰਵਾਰਨ ਲਈ ਇਹ ਸਟੇਡੀਅਮ ਵਿਲੱਖਣ ਯੋਗਦਾਨ ਅਦਾ ਕਰੇਗਾ ਅਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰੇਗਾ। ਇਸ ਮੌਕੇ ਡੀਜੀਪੀ ਵੱਲੋਂ ਜ਼ਿਲ੍ਹਾ ਪੁਲੀਸ ਦੇ ਅਧਿਕਾਰੀਆਂ ਨਾਲ ਜੁਰਮ ਸਬੰਧੀ ਚਰਚਾ ਕੀਤੀ ਗਈ ਤੇ ਜ਼ਿਲ੍ਹਾ ਪੁਲੀਸ ਵਲੋਂ ਤਿਆਰ ਕੀਤੇ ਵੱਖ-ਵੱਖ ਸੌਫਟਵੇਅਰਾਂ ਦਾ ਡੈਮੋ ਦੇਖਿਆ ਗਿਆ। ਡੀਜੀਪੀ ਵਲੋਂ ਜ਼ਿਲ੍ਹਾ ਪੁਲੀਸ ਦੇ ਸ਼ਲਾਘਾਯੋਗ ਕੰਮ ਕਰਨ ਵਾਲੇ ਤਰੱਕੀਯਾਬ 4 ਕਰਮਚਾਰੀਆਂ, ਕੋਮੈਡੇਸ਼ਨ ਡਿਸਕ ਪ੍ਰਾਪਤ ਕਰਨ ਵਾਲੇ 14 ਕਰਮਚਾਰੀਆਂ ਅਤੇ ਕੋਵਿਡ-19 ਸਬੰਧੀ ਸੇਵਾ ਟੂ ਸੁਸਾਇਟੀ ਐਵਾਰਡ ਪ੍ਰਾਪਤ ਕਰਨ ਵਾਲੇ 17 ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ।
ਇਸ ਮੌਕੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਕੌਮਾਂਤਰੀ ਪੱਧਰ ਦਾ ਇਹ ਸਪੋਰਟਸ ਕੰਪਲੈਕਸ ਡਿਸਟ੍ਰਿਕਟ ਇੰਡਸਟਰੀ ਚੈਂਬਰ ਦੇ ਸਹਿਯੋਗ ਨਾਲ ਇੱਕ ਕਰੋੜ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।