ਬੀਰਬਲ ਰਿਸ਼ੀ
ਸ਼ੇਰਪੁਰ, 31 ਮਾਰਚ
ਪਿੰਡ ਧੰਦੀਵਾਲ ਦੇ ਜ਼ਮੀਨੀ ਵਿਵਾਦ ’ਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਦਲਿਤ ਪਰਿਵਾਰ ਨਾਲ ਸਬੰਧਤ ਬਜ਼ੁਰਗ ਨਿਹਾਲ ਸਿੰਘ ਸਰਕਾਰੀ ਹਸਪਤਾਲ ਵਿੱਚ ਦਾਖਲ ਹੋ ਗਿਆ ਅਤੇ ਰਣੀਕੇ ਪੁਲੀਸ ਚੌਕੀ ਦੇ ਮੁਲਾਜ਼ਮਾਂ ਦੀ ਕੁੱਟਮਾਰ ਦਾ ਸ਼ਿਕਾਰ ਹੋਣ ਦੇ ਦੋਸ਼ ਲਾਉਂਦਿਆਂ ਇਨਸਾਫ਼ ਦੀ ਮੰਗ ਕੀਤੀ। ਯਾਦ ਰਹੇ ਕਿ ਲੰਘੀ 27 ਮਾਰਚ ਨੂੰ ਪਿੰਡ ਧੰਦੀਵਾਲ ਦੀ ਬਜ਼ੁਰਗ ਔਰਤ ਬਲਜੀਤ ਕੌਰ ਤੇ ਉਸ ਦੀ ਧੀ ਹਰਪ੍ਰੀਤ ਕੌਰ ਪਿੰਡ ਦੀ ਵਾਟਰ ਵਰਕਸ ’ਤੇ ਚੜ੍ਹੀਆਂ ਸਨ ਤੇ ਮਾਮਲੇ ਨੂੰ ਨਬਿੇੜਨ ਆਈ ਪੁਲੀਸ ’ਤੇ ਉਨ੍ਹਾਂ ਦੇ ਪਰਿਵਾਰਕ ਮੁਖੀ ਨਿਹਾਲ ਸਿੰਘ ਦੀ ਪੁਲੀਸ ਵੱਲੋਂ ਬੁਰੀ ਤਰਾਂ ਕੁੱਟਮਾਰ ਕਰਨ ਦਾ ਖੁਲਾਸਾ ਕੀਤਾ ਸੀ। ਭਾਵੇਂ ਇੱਕ ਵਾਰ ਮਾਮਲਾ ਨਿੱਬੜ ਜਾਣ ਮਗਰੋਂ ਦੋਵੇਂ ਮਾਵਾਂ ਧੀਆਂ ਵਾਟਰ ਵਰਕਸ ਤੋਂ ਉੱਤਰ ਆਈਆਂ ਸਨ ਪਰ ਹੁਣ ਬਜ਼ੁਰਗ ਦੇ ਹਸਪਤਾਲ ਦਾਖਲ ਹੋਣ ਨਾਲ ਵਿਵਾਦ ਮੁੜ ਭਖ ਗਿਆ ਹੈ। ਡਾਕਟਰ ਭੀਮ ਰਾਓ ਅੰਬੇਦਕਾਰ ਆਰਗੇਨਾਈਜ਼ੇਸ਼ਨ ਪੰਜਾਬ ਦੇ ਪ੍ਰਧਾਨ ਜਗਸੀਰ ਸਿੰਘ ਘਨੌਰ ਨੇ ਵੀਡੀਓ ਪਾ ਕੇ ਰਣੀਕੇ ਪੁਲੀਸ ’ਤੇ ਬਜ਼ੁਰਗ ਦੀ ਕੁੱਟਮਾਰ ਦੇ ਦੋਸ਼ ਲਾਏ ਤੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਸ੍ਰੀ ਘਨੌਰ ਨੇ ਕਿਸਾਨ ਜਥੇਬੰਦੀ ਦੇ ਇਕਾਈ ਦੇ ਪ੍ਰਧਾਨ ’ਤੇ ਕੁੱਟਮਾਰ ਕਰਵਾਉਣ ਦੇ ਵੀ ਦੋਸ਼ ਲਗਾਏ। ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧੰਦੀਵਾਲ ਨੇ ਦੋਸ਼ਾਂ ਨੂੰ ਝੂਠੇ ਕਰਾਰ ਦਿੱਤਾ ਹੈ। ਡੀਐਸਪੀ ਧੂਰੀ ਪਰਮਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਮਗਰੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।