ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 20 ਜਨਵਰੀ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਭਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਕਾਲੇ ਝੰਡਿਆਂ ਨਾਲ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਕੋਠੀ ਅੱਗੇ ਮੁਜ਼ਾਹਰਾ ਕੀਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ’ਤੇ ਮਤਰੇਆ ਸਲੂਕ ਕਰਨ ਦਾ ਦੋਸ਼ ਲਾਇਆ ਅਤੇ ਲੋਕ ਸਭਾ ਚੋਣਾਂ ’ਚ ਸਬਕ ਸਿਖਾਉਣ ਦੀ ਚਿਤਾਵਨੀ ਦਿੱਤੀ।
ਇਸ ਤੋਂ ਪਹਿਲਾਂ ਰਾਜ ਹਾਇਰ ਸੈਕੰਡਰੀ ਸਕੂਲ ਕੋਲ ਇਕੱਠੇ ਹੋਣ ਮਗਰੋਂ ਮਾਰਚ ਕਰਦਿਆਂ ਮੁਲਾਜ਼ਮ ਤੇ ਪੈਨਸ਼ਨਰ ਵਿਧਾਇਕ ਦੀ ਸੋਹੀਆਂ ਰੋਡ ਸਥਿਤ ਕੋਠੀ ਅੱਗੇ ਪੁੱਜੇ ਜਿੱਥੇ ਧਰਨਾ ਦਿੱਤਾ ਗਿਆ। ਮਾਰਚ ਅਤੇ ਧਰਨੇ ਦੀ ਅਗਵਾਈ ਜ਼ਿਲ੍ਹਾ ਸੰਗਰੂਰ ਦੀਆਂ ਵੱਖ-ਵੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ (ਕਨਵੀਨਰ) ਅਵਿਨਾਸ਼ ਸ਼ਰਮਾ, ਰਾਜ ਕੁਮਾਰ ਅਰੋੜਾ, ਜਗਦੀਸ਼ ਸ਼ਰਮਾ, ਸੁਖਦੇਵ ਸਿੰਘ ਚੰਗਾਲੀਵਾਲਾ, ਮੇਲਾ ਸਿੰਘ ਪੁੰਨਾਵਾਲ, ਸ੍ਰੀ ਨਿਵਾਸ ਸ਼ਰਮਾ, ਗੁਰਚਰਨ ਸਿੰਘ ਅਕੋਈ, ਅਸ਼ੋਕ ਕੁਮਾਰ, ਜਗਦੇਵ ਬਾਹੀਆ ਅਤੇ ਗੁਰਚਰਨ ਸਿੰਘ ਨੇ ਕੀਤੀ। ਆਰ.ਐੱਲ. ਪਾਂਧੀ ਅਤੇ ਹਰਦੀਪ ਕੁਮਾਰ ਵੱਲੋਂ ਸਾਂਝੇ ਤੌਰ ’ਤੇ ਕੀਤੇ ਗਏ ਮੰਚ ਸੰਚਾਲਨ ਦੌਰਾਨ ਉਪਰੋਕਤ ਆਗੂਆ ਤੋਂ ਇਲਾਵਾ ਸੁਰਿੰਦਰ ਬਾਲੀਆ, ਫਕੀਰ ਸਿੰਘ ਟਿੱਬਾ, ਜੀਤ ਸਿੰਘ ਢੀਂਡਸਾ, ਸਰਬਜੀਤ ਸਿੰਘ ਪੁੰਨਾਵਾਲ, ਜੀਤ ਸਿੰਘ ਬੰਗਾ ਤੇ ਸੀਤਾ ਰਾਮ ਸ਼ਰਮਾ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀ ਦੀ ਨਿਖੇਧੀ ਕੀਤੀ ਗਈ।
ਆਗੂਆਂ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਨੁਸਾਰ 2.59 ਗੁਣਾਂਕ ਲਾਗੂ ਕੀਤਾ ਜਾਵੇ, ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਜਾਵੇ, ਡੀ.ਏ. ਦੀਆਂ ਕਿਸ਼ਤਾਂ ਅਤੇ ਕਿਸ਼ਤਾਂ ਦਾ ਬਕਾਇਆ ਜਾਰੀ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ, ਤਨਖਾਹ ਕਮਿਸ਼ਨ ਦਾ ਬਕਾਇਆ 01-01-2016 ਤੋਂ ਜਾਰੀ ਕੀਤਾ ਜਾਵੇ ਆਦਿ ਮੰਗਾਂ ਦਾ ਨਿਬੇੜਾ ਤੁਰੰਤ ਕੀਤਾ ਜਾਵੇ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਆਗੂਆਂ ਨਾਲ ਗੱਲਬਾਤ ਰਾਹੀਂ ਤੁਰੰਤ ਮਸਲੇ ਹੱਲ ਕੀਤੇ ਜਾਣ। ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿੱਖੇ ਸੰਘਰਸ਼ ਕੀਤੇ ਜਾਣਗੇ ਅਤੇ ਆਉਣ ਵਾਲੀਆਂ 2024 ਦੀਆ ਲੋਕ ਸਭਾ ਦੀਆ ਚੋਣਾਂ ਅਤੇ ਸਥਾਨਕ ਚੋਣਾਂ ਵਿੱਚ ਇਸ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆ ਵੱਲੋਂ ਧਰਨੇ ਵਿੱਚ ਆ ਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ। ਇਸ ਮੌਕੇ ਮਾਲਵਿੰਦਰ ਸਿੰਘ ਸੰਧੂ, ਕਰਨੈਲ ਸਿੰਘ, ਰਵਿੰਦਰ ਸਿੰਘ ਗੁੱਡੂ, ਹੰਸਰਾਜ ਦੀਦਾਰਗੜ੍ਹ, ਜਗਜੀਤਇੰਦਰ ਸਿੰਘ, ਗੁਰਪ੍ਰੀਤ ਕੌਰ, ਬਿੱਕਰ ਸਿੰਘ ਸਿਬੀਆ, ਬਲਦੇਵ ਸਿੰਘ ਬੱਡਰੁਖਾਂ, ਕਰਨੈਲ ਸਿੰਘ, ਹਰਮੇਲ ਸਿੰਘ, ਬੱਗਾ ਸਿੰਘ, ਸੁਰਿੰਦਰ ਸਿੰਘ ਸੋਢੀ, ਬੱਬਨਪਾਲ, ਗੁਰਜੰਟ ਸਿੰਘ ਤੋਂ ਇਲਾਵਾ ਸੈਕੜਿਆਂ ਦੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਮੌਜੂਦ ਸਨ।