ਰਮੇਸ਼ ਭਾਰਦਵਾਜ
ਲਹਿਰਾਗਾਗਾ, 25 ਸਤੰਬਰ
ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਇਕ ਔਰਤ ਨੂੰ ਦਾਜ ਲਈ ਪ੍ਰੇਸ਼ਾਨ ਕਰਨ ਦੇ ਮਾਮਲੇ ਸਬੰਧੀ ਥਾਣੇ ਮੂਹਰੇ ਲਾਇਆ ਦਿਨ ਰਾਤ ਦਾ ਪੱਕਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਵਿਆਹੁਤਾ ਗੁਰਪ੍ਰੀਤ ਕੌਰ ਲਹਿਲ ਖੁਰਦ ਨੂੰ ਸਹੁਰੇ ਪਰਿਵਾਰ ਵੱਲੋਂ ਪ੍ਰੇਸ਼ਾਨ ਕਰਨ, ਕੁੱਟਮਾਰ ਕਰਨ, ਗਰਭਪਾਤ ਤੇ ਕਾਰ ਮੰਗਣ ਖ਼ਿਲਾਫ਼ ਕਾਰਵਾਈ ਲਈ ਐੱਸਐੱਸਪੀ ਨੇ ਡੀਐੱਸਪੀ ਲਹਿਰਾਗਾਗਾ ਨੂੰ ਕਾਰਵਾਈ ਭੇਜੀ ਸੀ। ਐੱਸਐੱਸਪੀ ਵੱਲੋਂ ਕਾਰਵਾਈ ਭੇਜਣ ਦੇ ਬਾਵਜੂਦ ਸਥਾਨਕ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ਵਿਰੁੱਧ ਇਹ ਧਰਨਾ ਦੇਣਾ ਪਿਆ। ਇਸ ਮੌਕੇ ਲਹਿਰਾਗਾਗਾ ਦੇ ਬਲਾਕ ਆਗੂ ਬਿੰਦਰ ਖੋਖਰ, ਸਰਬਜੀਤ ਲਹਿਰਾ, ਰਾਮ ਸਿੰਘ ਨਗਲਾ, ਦਰਸ਼ਨ ਸਿੰਘ ਕੋਟੜਾ, ਜਗਦੀਪ ਸਿੰਘ ਲਹਿਲ ਖੁਰਦ ਤੇ ਬਿੱਕਰ ਸਿੰਘ ਖੋਖਰ ਆਦਿ ਨੇ ਸਬੰਧਨ ਕੀਤਾ। ਦੂਜੇ ਪਾਸੇ ਐੱਸਐੱਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਇਸ ਮਾਮਲੇ ਵਿਚ ਨਵੀਂ ਦਰਖ਼ਾਸਤ ਦੇਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਨਹੀਂ ਦਿੱਤੀ।