ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 19 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਝੋਨੇ ਦੀ ਖ਼ਰੀਦ ਵਿੱਚ ਬੇਲੋੜੀ ਦੇਰੀ ਅਤੇ ਕਿਸਾਨਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਕਾਰਨ ਅੱਜ ਸਥਾਨਕ ਅਨਾਜ ਮੰਡੀ ਵਿੱਚ ਪ੍ਰਦਰਸ਼ਨ ਕੀਤਾ। ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਦਾ ਦੋਸ਼ ਸੀ ਕਿ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਜਿਸਨੂੰ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਕੀਤੇ ਇਸ ਰੋਸ ਪ੍ਰਦਰਸ਼ਨ ਮੌਕੇ ਆਗੂਆਂ ਨੇ ਕਿਹਾ ਕਿ ਕਿਸਾਨ ਬੀਤੇ ਲਗਪਗ 20 ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ ਪਰ ਪੰਜਾਬ ਤੇ ਕੇਂਦਰ ਸਰਕਾਰ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਵੱਡੇ ਪੱਧਰ ’ਤੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਅਤੇ ਝੋਨਾ 10-15 ਕਿਲੋ ਦਾ ਕੱਟ ਲਾ ਕੇ ਖਰੀਦਿਆ ਜਾ ਰਿਹਾ ਹੈ। ਡੀਏਪੀ ਦੀ ਸੂਬੇ ਵਿੱਚ ਆਈ ਕਿੱਲਤ ਸਬੰਧੀ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕਿਸਾਨੀ ਨੂੰ ਜਾਣ ਬੁੱਝਕੇ ਯੋਜਨਾਬੱਧ ਤਰੀਕੇ ਨਾਲ ਤੋੜਿਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਪੰਜਾਬ ਦੀਆਂ ਮੰਡੀਆਂ ਵਿੱਚੋਂ ਝੋਨੇ ਦਾ ਇੱਕ-ਇੱਕ ਦਾਣਾ ਨਹੀਂ ਖਰੀਦਿਆ ਜਾਂਦਾ, ਉਦੋਂ ਤੱਕ ਸੰਘਰਸ਼ ਲਗਾਤਾਰ ਜਾਰੀ ਰਹਿਣਗੇ। ਅੱਜ ਦੇ ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਬਲਾਕ ਆਗੂ ਰਾਮਸਰਨ ਸਿੰਘ ਉਗਰਾਹਾਂ, ਸੁਖਪਾਲ ਸਿੰਘ ਮਾਣਕ ਕਣਕਵਾਲ, ਅਜੈਬ ਸਿੰਘ ਜਖੇਪਲ, ਮਹਿੰਦਰ ਸਿੰਘ ਨਮੋਲ, ਗਗਨਦੀਪ ਸਿੰਘ ਚੱਠਾ, ਯਾਦਵਿੰਦਰ ਸਿੰਘ ਚੱਠੇ ਨਕਟੇ, ਇੰਦਰਜੀਤ ਸਿੰਘ ਉਗਰਾਹਾਂ, ਜੀਤ ਸਿੰਘ ਗੰਢੂਆਂ, ਭਗਵਾਨ ਸਿੰਘ ਸੁਨਾਮ ਨੇ ਸੰਬੋਧਨ ਕੀਤਾ।