ਰਮੇਸ਼ ਭਾਰਦਵਾਜ
ਲਹਿਰਾਗਾਗਾ,1 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜਿਥੇ ਦਿੱਲੀ ’ਚ ਛੇ ਥਾਵਾਂ ’ਤੇ ਧਰਨੇ ਦੇ ਕੇ ਆਪਣੀ ਕਿਸਾਨ ਸੰਘਰਸ਼ ਪ੍ਰਤੀ ਵਚਨਬੱਧਤਾ ਦਰਸਾਈ ਹੈ, ਉਥੇ ਜਥੇਬੰਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਦੀ ਦੇ ਜੋਟੀਦਾਰ ਤੇ ਪੂੰਜੀ ਪਤੀ ਦੇ ਰਿਲਾਇੰਸ ਪੰਪ ਅੱਗੇ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ’ਚ ਦਿੱਤਾ ਜਾ ਰਿਹਾ ਧਰਨਾ ਅੱਜ 62 ਵੇੇਂ ਦਿਨ ’ਚ ਦਾਖਲ ਹੋ ਗਿਆ ਹੈ।
ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਕਿਹਾ ਕਿ ਦਿੱਲੀ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਜਥੇਬੰਦੀ ਵੱਲੋਂ ਬਲਾਕ ਦੇ ਪਿੰਡਾਂ ਤੇ ਲਹਿਰਾਗਾਗਾ ’ਚ ਮੋਦੀ ਸਰਕਾਰ ਖ਼ਿਲਾਫ਼ ਅੱਜ ਰੋਸ ਮਸ਼ਾਲ ਮਾਰਚ ਕੱਢ ਕੇ ਮੋਦੀ ਤੇ ਸਰਮਾਏਦਾਰ ਕਾਰਪੋਰੇਟਰਾਂ ਦੀਆਂ ਨੀਤੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹੈ ਹੈ ਤੇ ਜਥੇ ਲਗਾਤਾਰ ਆਪਣੇ ਸਾਧਨਾਂ ਰਾਹੀਂ ਦਿੱਲੀ ਧਰਨੇ ’ਚ ਸ਼ਾਮਲ ਹੋਣ ਲਈ ਰਵਾਨਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਗੈਰ-ਸਿਆਸੀ ਕਿਸਾਨੀ ਸੰਘਰਸ਼ ਨੂੰ ਸਰਕਾਰ ਤੇ ਗੋਦੀ ਮੀਡੀਆ ਸੰਘਰਸ਼ ਨੂੰ ਖਾਲਿਸਤਾਨੀ, ਨਕਸਲਵਾਦੀ, ਅੱਤਿਵਾਦੀ ਕਹਿ ਕੇ ਸੰਘਰਸ਼ ਨੂੰ ਢਾਹ ਲਾਉਣਾ ਚਾਹੁੰਦਾ ਹੈ ਪਰ ਦੇਸ਼ ਭਰ ਦੇ ਬੁੱਵੀਜੀਵੀ, ਲੇਖਕ, ਮੁਲਾਜ਼ਮ ਜਥੇਬੰਦੀਆਂ, ਜਨਤਕ ਜਥੇਬੰਦੀ ਆਂ ਦੇ ਜਾਗਰੂਕ ਲੋਕਾਂ ਦੇ ਕਿਸਾਨ ਸੰਘਰਸ਼ ਨੂੰ ਲੈ ਕੇ ਸੰਘਰਸ਼ ਲੋਕ ਲਹਿਰ ਦਾ ਰੁਪ ਧਾਰਨ ਕਰਦੀ ਜਾ ਰਹੀ ਹੈ। ਲੋਕਾਂ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਕੋਟੜਾ, ਜਗਸੀਰ ਸਿੰਘ ਖੰਡੇਬਾਦ, ਰਾਮਚੰਦ ਸਿੰਘ, ਹਰਸੇਵਕ ਸਿੰਘ ਤੇ ਹਰਜਿੰਦਰ ਸਿੰਘ ਨੰਗਲਾ ਨੇ ਕਿਹਾ ਕਿ ਸੈਂਟਰ ’ਚ ਮੌਜੂਦਾ ਭਾਜਪਾ ਦੀ ਮੋਦੀ ਸਰਕਾਰ ਲੋਕਾਂ ’ਤੇ ਜੁਲਮ ਕਰ ਕੇ ਉਨ੍ਹਾਂ ਦੇ ਹੱਕ ਮਾਰਨ ਵਾਲੀ ਪਹਿਲੀ ਸਰਕਾਰ ਬਣ ਚੁੱਕੀ ਹੈ। ਭਾਜਪਾ ਸਰਕਾਰ ਨੇ ਕਿਸਾਨਾਂ ਦੇ ਨਾਲ -ਨਾਲ ਹੋਰ ਸਾਰੇ ਕਿਰਤੀ ਲੋਕਾਂ ਨੂੰ ਦੋ ਵਖ਼ਤ ਦੀ ਰੋਟੀ ਖਾਣ ਤੋਂ ਵੀ ਵਾਂਝਾ ਕਰ ਦਿੱਤਾ ਹੈ।
ਉਧਰ ਪੰਜਾਬ ’ਚ ਕਣਕਾਂ ਨੂੰ ਪਾਣੀ ਲਗਾਉਣ ਦਾ ਸਮਾਂ ਹੈ ਪਰ ਖੇਤਾਂ ਦੀਆਂ ਮੋਟਰਾਂ ਵਾਲੀ ਲਾਈਟ ਦਾ ਸਮਾਂ ਘਟਾ ਦਿੱਤਾ ਗਿਆ ਹੈ।