ਹਰਦੀਪ ਸਿੰਘ ਸੋਢੀ
ਧੂਰੀ, 2 ਅਕਤੂਬਰ
ਵਾਰਡ ਨੰਬਰ 8 ਦੇ ਕੌਂਸਲਰ ਅਜੇ ਪਰੋਚਾ ਨੂੰ ਝਗੜੇ ਦੌਰਾਨ ਕਥਿਤ ਤੌਰ ’ਤੇ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਸਥਾਨਕ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਦੇ ਖ਼ਿਲਾਫ਼ ਪੁਲੀਸ ਵੱਲੋਂ ਕਾਰਵਾਈ ਕਰਨ ਵਿੱਚ ਕੀਤੀ ਜਾ ਰਹੀ ਦੇਰੀ ਖ਼ਿਲਾਫ਼ ਭਗਵਾਨ ਵਾਲਮੀਕ ਦਲਿਤ ਚੇਤਨਾ ਮੰਚ ਵੱਲੋਂ ਅੱਜ ਮੰਚ ਦੇ ਪ੍ਰਧਾਨ ਵਿੱਕੀ ਪਰੋਚਾ ਦੀ ਅਗਵਾਈ ਹੇਠ ਸਿਟੀ ਪੁਲੀਸ ਥਾਣੇ ਅੱਗੇ ਧਰਨਾ ਦਿੱਤਾ ਗਿਆ ਤੇ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ ਗਈ।
ਮੰਚ ਦੇ ਪ੍ਰਧਾਨ ਵਿੱਕੀ ਪਰੋਚਾ ਨੇ ਪੁਲੀਸ ’ਤੇ ਕਥਿਤ ਸਿਆਸੀ ਦਬਾਅ ਹੇਠ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਦੇ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲੰਘੇ ਦਿਨ ਉਨ੍ਹਾਂ ਦੀ ਸ਼ਿਕਾਇਤ ‘’ਤੇ ਧੂਰੀ ਆਏ ਐੱਸਸੀ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਵੱਲੋਂ ਪੀੜਤ ਦਾ ਪੱਖ ਸੁਣਨ ਤੋਂ ਬਾਅਦ ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਸ਼ਿਫਾਰਸ਼ ਕੀਤੇ ਜਾਣ ਦੇ ਬਾਵਜੂਦ ਪੁਲੀਸ ਵੱਲੋਂ ਮੁਲਜ਼ਮ ਦੇ ਖ਼ਿਲਾਫ਼ ਅਜੇ ਤੱਕ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਸੈਨੇਟਰੀ ਇੰਸਪੈਕਟਰ ਦੇ ਬਿਆਨ ਦੇ ਆਧਾਰ ’ਤੇ ਕੌਂਸਲਰ ਅਜੇ ਪਰੋਚਾ ਦੇ ਖ਼ਿਲਾਫ਼ ਤੁਰੰਤ ਮੁਕੱਦਮਾ ਦਰਜ ਕਰ ਲਿਆ ਗਿਆ ਜਦੋਂ ਕਿ ਉਨ੍ਹਾਂ ਵੱਲੋਂ ਇੰਸਪੈਕਟਰ ਦੇ ਖ਼ਿਲਾਫ਼ ਪਹਿਲਾਂ ਸ਼ਿਕਾਇਤ ਕੀਤੀ ਗਈ ਸੀ। ਵਿੱਕੀ ਪਰੋਚਾ ਨੇ ਕਿਹਾ ਕਿ ਜੇਕਰ ਪੁਲੀਸ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਅਨੁਸੂਚਿਤ ਜਾਤੀ ਭਾਈਚਾਰੇ ਵੱਲੋਂ ਪੰਜਾਬ ਪੱਧਰ ’ਤੇ ਸ਼ੰਘਰਸ਼ ਕੀਤਾ ਜਾਵੇਗਾ।
ਇਸੇ ਦੌਰਾਨ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਉਹ ਪੁਲੀਸ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਤੇ ਉਨ੍ਹਾਂ ਨੂੰ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ।
ਸ਼ਿਕਾਇਤ ਦੀ ਪੜਤਾਲ ਮਗਰੋਂ ਕਾਰਵਾਈ ਹੋਵੇਗੀ: ਡੀਐੱਸਪੀ
ਡੀਐੱਸਪੀ ਧੂਰੀ ਪਰਮਿੰਦਰ ਸਿੰਘ ਨੇ ਕਿਹਾ ਕਿ ਸੈਨੇਟਰੀ ਇੰਸਪੈਕਟਰ ਦੇ ਬਿਆਨ ਦੇ ਆਧਾਰ ’ਤੇ ਕੌਸਲਰ ਅਜੇ ਪਰੋਚਾ ਦੇ ਖ਼ਿਲਾਫ਼ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ ਦੂਜੀ ਧਿਰ ਵੱਲੋਂ ਜਾਤੀ ਸੂਚਕ ਸ਼ਬਦ ਬੋਲਣ ਵਾਲੀ ਦਿੱਤੀ ਗਈ ਸ਼ਿਕਾਇਤ ਬਾਰੇ ਪੜਤਾਲ ਕੀਤੀ ਜਾਵੇਗੀ ਅਤੇ ਜੋ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਐੱਸਐੱਚਓ ਸਿਟੀ ਹਰਸ਼ਵੀਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਐੱਸਐੱਸਪੀ ਸੰਗਰੂਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਿੱਕੀ ਪਰੋਚਾ ਨੂੰ ਐੱਸਐੱਸਪੀ ਸੰਗਰੂਰ ਵੱਲੋਂ ਸੱਦਿਆ ਵੀ ਗਿਆ ਸੀ ਪਰ ਉਹ ਨਹੀਂ ਗਏ।
ਚੰਨੀ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਬੇਰੁਜ਼ਗਾਰ ਅਧਿਆਪਕਾਂ ਉੱਤੇ ਖਰੜ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਅਤੇ ਥਾਣੇ ਡੱਕਣ ਦੀ ਸਖਤ ਨਿਖੇਧੀ ਕਰਦਿਆਂ ਟੈਟ ਪਾਸ ਬੇਰੁਜ਼ਗਾਰ ਬੀ.ਐਡ. ਯੂਨੀਅਨ ਵਲੋਂ ਇਥੇ ਚੰਨੀ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਚਿਤਾਵਨੀ ਦਿੱਤੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਿਆਸੀ ਹਸ਼ਰ ਵੀ ਕੈਪਟਨ ਅਮਰਿੰਦਰ ਸਿੰਘ ਵਰਗਾ ਹੋਵੇਗਾ ਅਤੇ ਅਜਿਹਾ ਜਬਰ ਸਰਕਾਰ ਦੇ ਪਤਨ ਦਾ ਕਾਰਨ ਬਣੇਗਾ।