ਹਰਦੀਪ ਸਿੰਘ ਸੋਢੀ
ਧੂਰੀ, 29 ਅਪਰੈਲ
ਅੱਜ ਸੰਯੁਕਤ ਕਿਸਾਨ ਮੋਰਚੇ ‘ ਚ ਸ਼ਾਮਲ ਧੂਰੀ ਬਲਾਕ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਥਾਨਕ ਦਫ਼ਤਰ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਦਿਆਂ ਖੇਤੀ ਖੇਤਰ ਲਈ ਬਿਜਲੀ ਸਪਲਾਈ ’ਚ ਸੁਧਾਰ ਦੀ ਮੰਗ ਕਰਦਿਆਂ ਦਿਨ ਸਮੇਂ 8 ਘੰਟੇ ਨਿਰਵਿਘਨ ਸਪਲਾਈ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਗੰਨਾ ਸੰਘਰਸ਼ ਕਮੇਟੀ ਦੇ ਹਰਜੀਤ ਸਿੰਘ ਬੁਗਰਾ, ਕੁੱਲ ਹਿੰੰਦ ਕਿਸਾਨ ਸਭਾ ਦੇ ਅਮਰੀਕ ਸਿੰਘ ਕਾਂਝਲਾ , ਕਿਰਤੀ ਕਿਸਾਨ ਯੂਨੀਅਨ ਦੇ ਜਰਨੈਲ ਸਿੰਘ ਜਹਾਂਗੀਰ, ਕਿਸਾਨ ਯੂਨੀਅਨ ਡਕੌਂਦਾ ਦੇ ਗੁਰਹੰਸ ਸਿੰਘ ਧਾਂਦਰਾ ਅਤੇ ਭਾਕਿਯੂ (ਰਾਜੇਵਾਲ) ਦੇ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਬਿਜਲੀ ਸਪਲਾਈ ‘ ਚ ਸੁਧਾਰ ਦੀ ਮੰਗ ਨੂੰ ਲੈ ਕੇ ਪਾਵਰਕਾਮ ਦੇ ਵਧੀਕ ਨਿਗਰਾਨ ਇੰਜਨੀਅਰ ਨੂੰ ਮਿਲਣ ਉਪਰੰਤ ਵਫ਼ਦ ਵੱਲੋਂ ਮੁੱਖ ਮੰਤਰੀ ਦਫ਼ਤਰ ਦੇ ਸਥਾਨਕ ਇੰਚਾਰਜ ਓਂਕਾਰ ਸਿੰਘ ਨਾਲ ਗੱਲ ਕੀਤੀ ਗਈ ਸੀ, ਜਿਨ੍ਹਾਂ ਦਾ ਜਬਾਬ ਤਸੱਲੀਬਖਸ਼ ਨਹੀਂ ਸੀ ਅਤੇ ਅੱਜ ਦਫ਼ਤਰ ਦਾ ਘਿਰਾਓ ਕਰਨਾ ਪਿਆ। ਉਨ੍ਹਾਂ ਕਿਹਾ ਕਿ ਖੇਤੀ ਖੇਤਰ, ‘ ਚ ਲੱਗ ਰਹੇ ਲੰਮੇ ਕੱਟਾਂ ਕਾਰਨ ਕਿਸਾਨ ਨੂੰ ਸੌਣੀ ਦੀਆਂ ਫਸਲਾਂ ਬੀਜਣ ਲਈ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੁੱਖ ਮੰਤਰੀ ਦੇ ਸਥਾਨਕ ਦਫ਼ਤਰ ਦੇ ਇੰਚਾਰਜ ਓਂਕਾਰ ਸਿੰਘ ਨੇ ਕਿਹਾ ਤਕਨੀਕੀ ਨੁਕਸ ਦੂਰ ਕਰਕੇ ਖੇਤੀ ਖੇਤਰ ਲਈ ਬਿਜਲੀ ਸਪਲਾਈ ਬਹਾਲ ਕੀਤੀ ਜਾਵੇਗੀ।