ਹਰਦੀਪ ਸਿੰਘ ਸੋਢੀ
ਧੂਰੀ, 29 ਨਵੰਬਰ
ਪੰਜਾਬ ਦੀ ਤਤਕਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕਾਂ ਦੇ ਕੰਮ ਇੱਕੋ ਛੱਤ ਥੱਲੇ ਕਰਵਾਉਣ ਲਈ ਖੋਲ੍ਹੇ ਗਏ ਸੇਵਾ ਕੇਂਦਰ ਅੱਜ ਕੱਲ੍ਹ ਲੋਕਾਂ ਲਈ ਦੁਵਿਧਾ ਕੇਂਦਰ ਸਾਬਿਤ ਹੋ ਰਹੇ ਹਨ। ਸੇਵਾ ਕੇਂਦਰਾਂ ਵਿੱਚ ਭਾਰੀ ਫੀਸਾਂ ਰਾਹੀਂ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰਿਆ ਜਾ ਰਿਹਾ, ਉਪਰੋਂ ਸਰਕਾਰੀ ਕੰਮਾਂ ਕਾਰਾਂ ਲਈ ਹੁੰਦੀ ਖੱਜਲ ਖੁਆਰੀ ਨੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾ ਦਿੱਤਾ ਹੈ। ਧੂਰੀ ਇਲਾਕੇ ਦੇ ਸਰਕਾਰੀ ਕੰਮਾਂਕਾਰਾਂ ਲਈ ਸਥਾਨਕ ਏ.ਪੀ ਇਨਕਲੇਵ ਅਤੇ ਤਹਿਸੀਲ ਕੰਪਲੈਕਸ ਵਿੱਚ ਸਥਿਤ ਸੇਵਾ ਕੇਂਦਰਾਂ ਵਿੱਚ ਲੋਕਾਂ ਦੇ ਸਾਰੇ ਕੰਮ ਹੁੰਦੇ ਹਨ ਪਰ ਇਨ੍ਹਾਂ ਸੇਵਾ ਕੇਂਦਰਾਂ ਵਿੱਚ ਸਟਾਫ ਤੇ ਕਾਊਂਟਰਾ ਦੀ ਘਾਟ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੇਵਾ ਕੇਂਦਰਾਂ ਦੇ ਦੌਰੇ ਸਮੇਂ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਟੋਕਨ ਲੈਣ ਲਈ ਸਵੇਰੇ 6 ਵਜੇ ਤੋਂ ਇਥੇ ਕਤਾਰਾਂ ਵਿੱਚ ਲੱਗਣੇ ਸ਼ੁਰੂ ਹੋ ਜਾਂਦੇ ਹਨ, ਪਰ ਘੱਟ ਕਾਊਂਟਰਾਂ ਕਾਰਨ, ਜਿੱਥੇ ਉਨ੍ਹਾਂ ਦੀਆਂ ਦਿਹਾੜੀਆਂ ਖਰਾਬ ਹੋ ਰਹੀਆਂ ਹਨ, ਉੱਥੇ ਉਨ੍ਹਾਂ ਦੇ ਕੰਮ ਵੀ ਕਿਸੇ ਤਣ ਪੱਤਣ ਨਹੀਂ ਲੱਗ ਰਹੇ। ਉਨਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਵਾਰੀ ਆਉਂਦੀ ਹੈ ਤਾਂ ਕਿਸੇ ਨਾ ਕਿਸੇ ਕਮੀ ਜਾਂ ਕਿਸੇ ‘ਵਿਸ਼ੇਸ ਕਾਰਨਾਂ’ ਕਰਕੇ ਉਨ੍ਹਾਂ ਨੂੰ ਦੁਬਾਰਾ ਆਉਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਏਪੀ ਸੋਲਵੈਕਸ ਕੋਲ ਸੇਵਾ ਕੇਂਦਰ ਦੇ ਬਾਹਰ ਲੋਕਾਂ ਦੀ ਸਹੂਲਤ ਲਈ ਨਾ ਪਾਣੀ, ਨਾ ਬੈਠਣ, ਨਾ ਕੋਈ ਛੱਤ ਦਾ ਪ੍ਰਬੰਧ ਹੈ ਜਿਸ ਕਾਰਨ ਲੋਕਾਂ ਦਾ ਸਰਕਾਰ ਵਿਰੁੱਧ ਗੁੱਸਾ ਹੋਰ ਪ੍ਰਚੰਡ ਹੋਰ ਜਾਂਦਾ ਹੈ।
ਆਮ ਆਦਮੀ ਪਾਰਟੀ ਘੱਟ ਗਿਣਤੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਡਾ. ਅਨਵਰ ਭਸੌੜ, ਟਰੇਡ ਵਿੰਗ ਦੇ ਸੂਬਾਈ ਆਗੂ ਸਤਿੰਦਰ ਸਿੰਘ ਚੱਠਾ, ਕਿਸਾਨ ਮੁਕਤੀ ਮੋਰਚਾ ਦੇ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ, ਹਰਬੰਸ ਸਿੰਘ ਸੋਢੀ ਆਦਿ ਨੇ ਮੰਗ ਕੀਤੀ ਕਿ ਸ਼ਹਿਰ ਅੰਦਰ ਬੰਦ ਪਏ ਸੇਵਾ ਕੇਂਦਰਾਂ ਨੂੰ ਫੌਰੀ ਸ਼ੁਰੂ ਕਰਵਾਇਆ ਜਾਵੇ। ਉਨ੍ਹਾਂ ਸਰਕਾਰ ਵਿਰੁੱਧ ਸੰਘਰਸ਼ ਦੀ ਚਿਤਾਵਨੀ ਦਿੱਤੀ।