ਪੱਤਰ ਪ੍ਰੇਰਕ
ਸੰਗਰੂਰ, 25 ਅਕਤੂਬਰ
ਅਦਾਰਾ ਪਰਵਾਜ਼ ਵੱਲੋਂ ਨੌਜਵਾਨ ਕਵੀ ਸੰਦੀਪ ਸ਼ਰਮਾ ਦੇ ਕਾਵਿ-ਸੰਗ੍ਰਹਿ ‘ਉਹ ਮੈਨੂੰ ਸਾਂਭਣਾ ਜਾਣਦੀ’ ਉੱਤੇ ਇਕ ਵਿਚਾਰ ਗੋਸ਼ਟੀ ਕਰਵਾਈ ਗਈ| ਦੋ ਪੜਾਵਾਂ ਵਿਚ ਹੋਏ ਇਸ ਸਾਹਿਤਕ ਸਮਾਗਮ ਦੇ ਪਹਿਲੇ ਪੜਾਅ ਵਿਚ ਕਾਵਿ ਪੁਸਤਕ ’ਤੇ ਨਿੱਗਰ ਵਿਚਾਰ ਚਰਚਾ ਹੋਈ ਅਤੇ ਦੂਜੇ ਪੜਾਅ ਵਿਚ ਕਾਵਿ ਰਚਨਾਵਾਂ ਦਾ ਪਾਠ ਕੀਤਾ ਗਿਆ| ਵਿਚਾਰ ਚਰਚਾ ਦੇ ਸੈਸ਼ਨ ਵਿਚ ਗਜ਼ਲਗੋ ਬੂਟਾ ਸਿੰਘ ਚੌਹਾਨ ਨੇ ਸੰਦੀਪ ਦੀ ਕਵਿਤਾ ਨੂੰ ਸਹਿਜਤਾ ਦੇ ਵੇਗ ਦੱਸਿਆ ਅਤੇ ਮੈਗਜ਼ੀਨ ਸਰੋਕਾਰ ਦੇ ਸੰਪਾਦਕ ਸੁਖਵਿੰਦਰ ਪੱਪੀ ਨੇ ਕਿਹਾ ਕਿ ਸੰਦੀਪ ਦੀ ਕਵਿਤਾ ਨੂੰ ਸਮਝਣ ਲਈ ਭਾਰਤੀ ਦਰਸ਼ਨ ਸਤਿਅਮ, ਸ਼ਿਵਮ ਸੁੰਦਰਮ ਦੀ ਫ਼ਿਲਾਸਫ਼ੀ ਨੂੰ ਸਮਝਣਾ ਹੋਵੇਗਾ| ਇਸ ਮੌਕੇ ਸ਼ਾਇਰ ਗੁਰਪ੍ਰੀਤ ਨੇ ਕਵਿਤਾ ਰਾਹੀਂ ਗੱਲ ਕਹਿਣ ਦੀ ਕਲਾ ਨੂੰ ਵਿਚਾਰਿਆ| ਮਨਜੀਤ ਪੂਰੀ, ਸੰਤੋਖ ਸੁੱਖੀ, ਸਿਮਰਨ ਅਕਸ ਅਤੇ ਸੱਤਪਾਲ ਭੀਖੀ ਨੇ ਸੰਦੀਪ ਦੀ ਪੁਸਤਕ ਵਿਚ ਦਰਜ ਕਵਿਤਾਵਾਂ ਵਿਚਲੇ ਵੱਖ ਵੱਖ ਪੱਖਾਂ ’ਤੇ ਚਾਨਣਾ ਪਾਇਆ| ਇਸ ਮੌਕੇ ਹੋਏ ਕਵੀ ਦਰਬਾਰ ਦੌਰਾਨ ਬੂਟਾ ਸਿੰਘ ਚੌਹਾਨ, ਕਮਲ ਜਲੂਰ, ਗਗਨਦੀਪ ਬੁੱਗਰਾ, ਸਮਸ਼ੇਰ ਔਜਲਾ ਤੇ ਨਵਦੀਪ ਮੁੰਡੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ|