ਨਿੱਜੀ ਪੱਤਰ ਪ੍ਰੇਰਕ
ਧੂਰੀ, 15 ਨਵੰਬਰ
ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖ਼ਮੀ ਦੀ ਪ੍ਧਾਨਗੀ ਹੇਠ ਡਾ.ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਹੋਈ ਜਿਸ ਵਿੱਚ ਡਾ.ਕਮਲਜੀਤ ਸਿੰਘ ਟਿੱਬਾ ਮੁੱਖ ਬੁਲਾਰੇ ਦੇ ਤੌਰ ’ਤੇ ਸ਼ਾਮਲ ਹੋਏ। ਸਭ ਤੋਂ ਪਹਿਲਾਂ ਬੀਤੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਲੇਖਕ ਸੁਖਮਿੰਦਰ ਰਾਮਪੁਰੀ, ਜਗਦੀਸ਼ ਘਈ, ਕਲਾਕਾਰ ਮਨਜੀਤ ਰਾਹੀ ਅਤੇ ਸ਼ਹੀਦ ਕਿਸਾਨ ਬੀਬੀਆਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇੱਕ ਵੱਖਰੇ ਮਤੇ ਰਾਹੀਂ ਸਰਕਾਰ ਵੱਲੋਂ ਜ਼ਿਲ੍ਹਾ ਅਦਾਲਤਾਂ ਵਿਚ ਪੰਜਾਬੀ ਅਨੁਵਾਦਕ ਭਰਤੀ ਕਰ ਕੇ ਦੇਣ ਅਤੇ ਪੰਜਾਬੀ ਭਾਸ਼ਾ ਐਕਟ ਨੂੰ ਬਣਦੀਆਂ ਤਰਮੀਮਾਂ ਸਹਿਤ ਅਮਲੀ ਰੂਪ ਵਿੱਚ ਲਾਗੂ ਕਰਨ ਦੀ ਮੰਗ ਕੀਤੀ ਗਈ। ਮੁੱਖ ਮਹਿਮਾਨ ਪ੍ਰਿੰਸੀਪਲ ਟਿੱਬਾ ਨੇ ਆਪਣੀ ਨਵ-ਪ੍ਕਾਸ਼ਿਤ ਪੁਸਤਕ ‘ਸਿੱਖੀ ਦਾ ਇਨਕਲਾਬੀ ਫਲਸਫਾ- ਜਪੁਜੀ’ ਦੇ ਹਵਾਲੇ ਨਾਲ਼ ਆਖਿਆ ਕਿ ਸਿੱਖੀ ਅਤੇ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਆਧਾਰ ਜਪੁਜੀ ਸਾਹਿਬ ਹੀ ਹੈ ਅਤੇ ਗੁਰੂ ਨਾਨਕ ਦੇਵ ਜੀ ਦੀ ਕਹਿਣੀ ਤੇ ਕਰਨੀ ਨੂੰ ਮੇਲ ਕੇ ਵੇਖਣ ਦੀ ਲੋੜ ਹੈ, ਇਸ ਕਿਤਾਬ ਵਿੱਚ ਵੀ ਉਨ੍ਹਾਂ ਨੇ ਜਪੁਜੀ ਸਾਹਿਬ ਦੇ ਸ਼ਬਦੀ ਅਰਥਾਂ ਨਾਲ਼ੋਂ ਭਾਵ ਅਰਥਾਂ ਨੂੰ ਸਮਝਣ ਉੱਪਰ ਜਿਆਦਾ ਜ਼ੋਰ ਦਿੱਤਾ। ਰਚਨਾਵਾਂ ਦੇ ਦੌਰ ਵਿੱਚ ਗੁਰਤੇਜ ਮੱਲੂਮਾਜਰਾ, ਗੁਰਮੀਤ ਸੋਹੀ, ਅਮਰ ਗਰਗ ਨੇ ਰਚਨਾਵਾਂ ਪੇਸ਼ ਕੀਤੀਆਂ।