ਨਿਜੀ ਪੱਤਰ ਪ੍ਰੇਰਕ
ਸੰਗਰੂਰ, 30 ਮਾਰਚ
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਰਣਬੀਰ ਕਾਲਜ ਦੇ ਆਡੀਟੋਰੀਅਮ ਵਿੱਚ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ , ਸੁਖਦੇਵ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਨਾਟਕ ’ਤੇ ਵਿਚਾਰ-ਚਰਚਾ ਕਰਵਾਈ ਗਈ, ਜਿਸ ਵਿੱਚ ਰੈੱਡ ਆਰਟਸ ਪੰਜਾਬ ਦੀ ਟੀਮ ਵੱਲੋਂ ‘ਵਹਿੰਗੀ’ ਨਾਟਕ ਖੇਡਿਆ ਗਿਆ।
ਸਮਾਗਮ ਦੀ ਸ਼ੁਰੂਆਤ ਇਨਕਲਾਬੀ ਗੀਤ ‘ਭਗਤ ਸਿੰਘ ਤੂੰ ਜ਼ਿੰਦਾ ਹੈ’ ਨਾਲ ਕੀਤੀ ਗਈ। ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ ਨੇ ਕਿਹਾ ਕਿ ਭਗਤ ਸਿੰਘ ਨੇ ਆਜ਼ਾਦੀ ਦਾ ਜਿਹੜਾ ਸੁਪਨਾ ਲਿਆ ਸੀ, ਉਹ ਆਜ਼ਾਦੀ ਅਜੇ ਅਧੂਰੀ ਹੈ। ਭਗਤ ਸਿੰਘ ਇਕ ਅਜਿਹਾ ਸਮਾਜਵਾਦੀ ਸਮਾਜ ਚਾਹੁੰਦਾ ਸੀ, ਜਿਸ ਵਿਚ ਲੋਕਾਂ ਕੋਲ ਰੁਜ਼ਗਾਰ, ਵਧੀਆ ਸਿੱਖਿਆ ਅਤੇ ਸਿਹਤ ਦੀ ਸਹੂਲਤ ਹੋਵੇ। 1947 ਵਿੱਚ ਭਾਰਤ ਦੇ ਲੋਕਾਂ ਨਾਲ ਅਖੌਤੀ ਅਜ਼ਾਦੀ ਦੇ ਨਾਂ ’ਤੇ ਧੋਖਾ ਹੋਇਆ ਅਤੇ ਫਿਰਕੂ ਕਤਲੇਆਮ ਹੋਇਆ ਜਿਸ ਵਿੱਚ ਦੱਸ ਲੱਖ ਤੋਂ ਵਧੇਰੇ ਲੋਕ ਮਾਰੇ ਗਏ।
ਬੁਲਾਰੇ ਨੇ ਕਿਹਾ ਕਿ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ਼ ਲਾਮਬੰਦ ਹੋਇਆ ਜਾਵੇ ਅਤੇ ਆਪਣੇ ਆਪ ਨੂੰ ਜੱਥੇਬੰਦ ਕੀਤਾ ਜਾਵੇ। ਰੈੱਡ ਆਰਟਸ ਪੰਜਾਬ ਵੱਲੋਂ ਪੇਸ਼ ਕੀਤੇ ਨਾਟਕ ‘ਵਹਿੰਗੀ’ ਵਿਚ ਦਰਸਾਇਆ ਗਿਆ ਕਿ ਇਸ ਖਪਤਵਾਦੀ ਦੌਰ ਵਿੱਚ ਅਧਿਆਪਕ ਅਤੇ ਵਿਦਿਆਰਥੀ ਦੇ ਕੀ ਹਾਲਾਤ ਹਨ। ਸਟੇਜ ਸਕੱਤਰ ਦੀ ਭੂਮਿਕਾ ਮਨਜੀਤ ਨਮੋਲ ਨੇ ਨਿਭਾਈ। ਇਸ ਮੌਕੇ ਪ੍ਰੋਫੈਸਰ ਰਾਜਵਿੰਦਰ ਕੌਰ, ਪ੍ਰੋਫੈਸਰ ਰਵਿੰਦਰ ਭੰਗੂ,ਪ੍ਰੋਫੈਸਰ ਇਕਬਾਲ ਸਿੰਘ, ਵਿਦਿਆਰਥੀ ਆਗੂ ਕਰਨ ਸੰਗਰੂਰ,ਅਮਨ ਢੰਡੋਲੀ, ਸੁਖਵਿੰਦਰ ਨਮੋਲ, ਮਨਜੀਤ ਕੌਰ, ਮਨਜਿੰਦਰ ਕੌਰ ਆਦਿ ਵਿਦਿਆਰਥੀ ਹਾਜ਼ਰ ਸਨ।