ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 19 ਮਈ
ਇੱਥੋਂ ਨੇੜੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਸਥਿਤ ਰਿਲਾਇੰਸ ਪੰਪ ਬਾਲਦ ਕਲਾਂ ਦੇ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਵੱਲੋਂ ਅੱਜ ਕੰਪਨੀ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਰਵਿੰਦਰ ਸਿੰਘ , ਕੁਲਦੀਪ ਸਿੰਘ, ਮਨਦੀਪ ਸਿੰਘ, ਸੁਖਜੀਤ ਸਿੰਘ, ਨਿਰਮਲ ਸਿੰਘ, ਜਸਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਨੇ ਦੱਸਿਆ ਕਿ ਰਿਲਾਇੰਸ ਬੀਪੀ ਮੋਬਿਲਟੀ ਲਿਮਟਿਡ ਕੰਪਨੀ ਦੇ ਅਧਿਕਾਰੀਆਂ ਵੱਲੋਂ ਪਹਿਲਾਂ ਕਰਮਚਾਰੀਆਂ ’ਤੇ ਅਸਤੀਫਾ ਦੇਣ ਅਤੇ ਖਾਲੀ ਪੇਪਰਾਂ ’ਤੇ ਦਸਤਖ਼ਤ ਕਰਨ ਲਈ ਦਬਾਅ ਪਾਇਆ ਗਿਆ, ਪਰ ਜਦੋਂ ਕਰਮਚਾਰੀਆਂ ਨੇ ਅਜਿਹਾ ਗੈਰ ਕਾਨੂੰਨੀ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ 3 ਅਪਰੈਲ ਤੋਂ ਕਰਮਚਾਰੀਆਂ ਦੇ ਕੰਮ ਉੱਤੇ ਆਉਣ ’ਤੇ ਪਾਬੰਦੀ ਲਗਾ ਕੇ ਤਨਖਾਹਾਂ ’ਤੇ ਰੋਕ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੇਬਰ ਇੰਸਪੈਕਟਰ ਸੰਗਰੂਰ ਅਤੇ ਏਡੀਸੀ ਸੰਗਰੂਰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕੀਤੀ ਗਈ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੋਈ। ਇਸ ਦੌਰਾਨ ਕਰਮਚਾਰੀਆਂ ਨੇ ਕਿਹਾ ਕਿ ਅਖੀਰ ਵਿੱਚ ਅੱਜ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਕਰਮਚਾਰੀਆਂ ਦੀ ਕੰਪਨੀ ਵੱਲੋਂ ਹਾਜ਼ਰੀ ਲਗਵਾਈ ਜਾਵੇ। ਇਸ ਸਬੰਧੀ ਪ੍ਰਬੰਧਕਾਂ ਨੇ ਕਿਹਾ ਕਿ ਕੰਪਨੀ ਨਿਯਮਾਂ ਅਨੁਸਾਰ ਹੀ ਕੰਮ ਕਰਦੀ ਹੈ।