ਬੀਰਬਲ ਰਿਸ਼ੀ
ਸ਼ੇਰਪੁਰ, 17 ਅਗਸਤ
ਪਿੰਡ ਭਗਵਾਨਪੁਰਾ ’ਚ ਹੱਡਾਰੋੜੀ ਤੇ ਰਵੀਦਾਸੀਆ ਸ਼ਮਸ਼ਾਨਘਾਟ ਦੀ ਜਗ੍ਹਾ ਨੂੰ ਲੈ ਕੇ ਪਿੰਡ ਦੀ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਇੱਕ ਧਿਰ ਵੱਲੋਂ ਹੱਡਾਰੋੜੀ ਵਾਲੀ ਜਗ੍ਹਾ ਤੋਂ ਕਬਜ਼ਾ ਹਟਾਏ ਜਾਣ ਤੋਂ ਪਹਿਲਾਂ ਹੀ ਸਮਸ਼ਾਨਘਾਟ ਵਾਲੀ ਜਗ੍ਹਾ ’ਤੇ ਉਸਾਰੀ ਕਰਨ ਲਈ ਸਰਗਰਮੀਆਂ ਆਰੰਭ ਦਿੱਤੀਆਂ ਗਈਆਂ। ਤਣਾਅ ਮਗਰੋਂ ਪ੍ਰਸ਼ਾਸਨ ਨੇ ਪਿੰਡ ਭਗਵਾਨਪੁਰਾ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਤੇ ਚੱਲ ਰਿਹਾ ਕੰਮ ਵੀ ਬੰਦ ਕਰਵਾ ਦਿੱਤਾ ਗਿਆ। ਬੀਡੀਪੀਓ ਜੁਗਰਾਜ ਸਿੰਘ, ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ, ਐੱਸਐੱਚਓ ਬਲਵੰਤ ਸਿੰਘ, ਕਨੂੰਨਗੋ ਭੁਪਿੰਦਰ ਸਿੰਘ ਟੀਮਾਂ ਸਣੇ ਮੌਕੇ ’ਤੇ ਪੁੱਜੇ ਹੋਏ ਸਨ।
ਇਸ ਸਬੰਧੀ ਬੀਡੀਪੀਓ ਜੁਗਰਾਜ ਸਿੰਘ ਨੇ ਦੱਸਿਆ ਕਿ ਪਿੰਡ ’ਚ ਹੱਡਾਰੋੜੀ ਤੇ ਰਵੀਦਾਸੀਆ ਸ਼ਮਸ਼ਾਨਘਾਟ ਲਈ ਬਰਾਬਰ 6-6 ਵਿੱਘੇ ਪੰਜ-ਪੰਜ ਵਿੱਸਵੇ ਜਗ੍ਹਾ ਹੈ। ਪਿਛਲੇ ਸਮੇਂ ਦੌਰਾਨ ਦਲਿਤ ਭਾਈਚਾਰੇ ਨੇ ਹੱਡਾਰੋੜੀ ਵਾਲੀ ਜਗ੍ਹਾ ਵਿੱਚ ਨਿਸ਼ਾਨ ਸਾਹਿਬ ਲਗਾ ਦਿੱਤਾ ਸੀ ਜਿਸ ਮਗਰੋਂ ਪੈਦਾ ਹੋਏ ਵਾਦ-ਵਿਵਾਦ ਮਗਰੋਂ ਸਮਝੌਤਾ ਹੋ ਗਿਆ ਸੀ। ਅੱਜ ਉਨ੍ਹਾਂ ਹੱਡਾਰੋੜੀ ਵਾਲੀ ਜਗ੍ਹਾ ਖਾਲੀ ਕਰਨ ਤੋਂ ਪਹਿਲਾਂ ਹੀ ਸਮਸ਼ਾਨਘਾਟ ਵਾਲੀ ਜਗ੍ਹਾ ਵਿੱਚ ਉਸਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਤਣਾਅ ਵਧ ਗਿਆ। ਇਸ ਦੌਰਾਨ ਤਿੰਨ ਧਿਰਾਂ ਵਿਚ ਹੋਈ ਗੱਲਬਾਤ ਦੌਰਾਨ ਫ਼ੈਸਲਾ ਹੋਇਆ ਕਿ ਦਲਿਤ ਭਾਈਚਾਰੇ ਵੱਲੋਂ ਸ਼ਮਸ਼ਾਨਘਾਟ ਵਾਲੀ ਜਗ੍ਹਾ ਵਿੱਚ ਉਸਾਰੀ ਕੀਤੀ ਜਾਵੇਗੀ ਅਤੇ ਹੱਡਾਰੋੜੀ ਦਾ ਕਬਜ਼ਾ ਛੱਡਿਆ ਜਾਵੇਗਾ।
ਇੱਕ ਧਿਰ ਦੀ ਨੁਮਾਇੰਦਗੀ ਕਰਦੇ ਸਾਬਕਾ ਸਰਪੰਚ ਪਵਨ ਕੁਮਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਹੱਡਾਰੋੜੀ ਵਾਲੀ ਜਗ੍ਹਾ ’ਤੇ ਕਬਜ਼ੇ ਸਬੰਧੀ ਪਾਇਆ ਕੇਸ ਜਿੱਤ ਲਿਆ ਹੈ, ਫਿਰ ਵੀ ਕਬਜ਼ਾ ਛੱਡੇ ਬਿਨਾ ਅੱਜ ਦੂਜੀ ਧਿਰ ਨੇ ਸਮਸ਼ਾਨਘਾਟ ਵਾਲੀ ਜਗ੍ਹਾ ’ਤੇ ਉਸਾਰੀ ਸ਼ੁਰੂ ਕਰ ਦਿੱਤੀ ਸੀ।
ਦਲਿਤ ਭਾਈਚਾਰੇ ਦੀ ਤਰਫ਼ੋਂ ਬਲਵੀਰ ਸਿੰਘ ਨੇ ਦੱਸਿਆ ਕਿ ਦੂਜੇ ਪਾਸੇ ਉਸਾਰੀ ਸ਼ੁਰੂ ਕਰਨ ਪਿੱਛੇ ਉਨ੍ਹਾਂ ਦੀ ਕੋਈ ਭਾਵਨਾ ਨਹੀਂ ਸੀ ਇਹ ਗ਼ਲਤਫ਼ਹਿਮੀ ਕਾਰਨ ਵਾਪਰਿਆ, ਪ੍ਰਸ਼ਾਸਨ ਵੱਲੋਂ ਕਰਵਾਇਆ ਸਮਝੌਤਾ ਦੋਵੇਂ ਧਿਰਾਂ ਨੂੰ ਮਨਜ਼ੂਰ ਹੈ।