ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 29 ਜੂਨ
ਪਿੰਡ ਜੌਲੀਆਂ ਦੇ ਗੁਰਦੁਆਰੇ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪਾਵਨ ਸਰੂਪ ਅਗਨ ਭੇਟ ਹੋਣ ਦੀ ਘਟਨਾ ਸਬੰਧੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਗੁਰਦੁਆਰੇ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ ਤੇ ਗੁਰਦੁਆਰੇ ਦੀ ਖੰਡਤ ਹੋਈ ਇਮਾਰਤ ਲਈ 10 ਲੱਖ ਰੁਪਏ ਦੀ ਮਾਲੀ ਮੱਦਦ ਦਾ ਚੈੱਕ ਪਿੰਡ ਦੀ ਗੁਰਦੁਆਰਾ ਕਮੇਟੀ ਨੂੰ ਦਿੱਤਾ। ਉਨ੍ਹਾਂ ਨੇ ਗੁਰਦੁਆਰੇ ਵਿਖੇ ਲੱਗੀ ਅੱਗ ਨੂੰ ਬੁਝਾਉਣ ਵਾਲੇ 6 ਨੌਜਵਾਨਾਂ ਨਨੂੰ 13-13 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਅਤੇ ਪਿੰਡ ਦੇ 2 ਨੌਜਵਾਨਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਦੇ ਕੇ ਪਿੰਡ ਦੇ ਗੁਰਦੁਆਰੇ ਵਿਖੇ ਹੀ ਸੇਵਾ ਦੀ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਨੇ ਪਿੰਡ ਦੇ ਗੁਰਦੁਆਰੇ ਵਿਚ ਗੁਰਮਤਿ ਕੈਂਪ ਅਤੇ ਲਾਇਬਰੇਰੀ ਖੋਲ੍ਹਣ ਦਾ ਵੀ ਐਲਾਨ ਕੀਤਾ। ਇਸ ਮੌਕੇ ਲੋਕਾਂ ਦੇ ਇਕੱਠ ਵਿੱਚ ਬੈਠੇ ਬੀਬੀ ਜਗੀਰ ਕੌਰ ਨੂੰ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਗਿਆਨੀ ਗੁਰਮੁਖ ਸਿੰਘ ਵੱਲੋਂ ਸੱਚਾ ਸੌਦਾ ਸਾਧ ਨੂੰ ਮੁਆਫ਼ ਕਰਨ ਸਬੰਧੀ ਲਾਏ ਗਏ ਦੋਸ਼ਾਂ ਬਾਰੇ ਤਿੱਖੇ ਸਵਾਲ ਪੁੱਛੇ। ਇਸ ’ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਸਾਰੇ ਸਵਾਲਾਂ ਦਾ ਜਵਾਬ ਲਿਖਤੀ ਤੌਰ ’ਤੇ ਭਾਈ ਹਰਜਿੰਦਰ ਸਿੰਘ ਮਾਝੀ ਨੂੰ ਭੇਜ ਦੇਣਗੇ। ਪਿੰਡ ਵਾਸੀਆਂ ਨੇ ਬੀਬੀ ਜਗੀਰ ਕੌਰ ਤੋਂ ਮੁਲਜ਼ਮ ਔਰਤ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਵੀ ਕੀਤੀ।
ਸੰਗਰੂਰ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ਪਿੰਡ ਜੌਲੀਆਂ ਦੇ ਗੁਰਦੁਆਰੇ ਵਿੱਚ ਅੱਗ ਲੱਗਣ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਪੰਜ ਮੈਂਬਰੀ ਵਫ਼ਦ ਨੇ ਅੱਜ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਦੀ ਅਗਵਾਈ ਹੇਠ ਐੱਸਐੱਸਪੀ ਸੰਗਰੂਰ ਨਾਲ ਮੁਲਾਕਾਤ ਕੀਤੀ। ਵਫ਼ਦ ਵਿੱਚ ਅੰਤਿ੍ੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਜਥੇਦਾਰ ਬਲਦੇਵ ਸਿੰਘ ਚੂੰਘਾਂ, ਜਥੇਦਾਰ ਤੇਜਾ ਸਿੰਘ ਕਮਾਲਪੁਰ ਅਤੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਸ੍ਰੀ ਫ਼ਤਹਿਗੜ੍ਹ ਸਾਹਿਬ ਸ਼ਾਮਲ ਸਨ। ਬਾਬਾ ਬੂਟਾ ਸਿੰਘ ਨੇ ਮੰਗ ਕੀਤੀ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਯੂਏਪੀਏ ਐਕਟ ਵਰਗੇ ਸਖ਼ਤ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇ। ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਐੱਸਐੱਸਪੀ ਸੰਗਰੂਰ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਵੱਲੋਂ ਪਿੰਡ ਦੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਸਿੰਗਲਾ ਵੱਲੋਂ ਕਾਰਵਾਈ ਦਾ ਭਰੋਸਾ
ਭਵਾਨੀਗੜ੍ਹ: ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪਿੰਡ ਜੌਲੀਆਂ ਦੇ ਗੁਰਦੁਆਰੇ ਵਿਖੇ ਪੰਚਾਇਤੀ ਨੁਮਾਇੰਦਿਆਂ ਅਤੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨਾਲ ਡਾ. ਵਿਵੇਕ ਸੋਨੀ ਐੱਸਐੱਸਪੀ ਸੰਗਰੂਰ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਵੀ ਹਾਜ਼ਰ ਸਨ। ਕੈਬਨਿਟ ਮੰਤਰੀ ਸਿੰਗਲਾ ਨੇ ਗੁਰਦੁਆਰੇ ਵਿਖੇ ਬੀਬੀਆਂ ਵੱਲੋਂ ਕੀਤੇ ਜਾ ਰਹੇ ਸੁਖਮਨੀ ਸਾਹਿਬ ਦੇ ਜਾਪ ਵਿੱਚ ਸ਼ਮੂਲੀਅਤ ਕੀਤੀ ਅਤੇ ਅਗਨ ਭੇਟ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਦਰਸ਼ਨ ਵੀ ਕੀਤੇ। ਜਨਤਕ ਮੀਟਿੰਗ ਦੌਰਾਨ ਉਨ੍ਹਾਂ ਨੇ ਬੇਅਦਬੀ ਦੀ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਯਕੀਨ ਦਿਵਾਇਆ ਕਿ ਬੇਅਦਬੀ ਕਰਨ ਵਾਲੀ ਔਰਤ ਖ਼ਿਲਾਫ਼ ਕਾਰਵਾਈ ’ਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਇਸ ਮੌਕੇ ਡਾ. ਕਰਮਜੀਤ ਸਿੰਘ ਐੱਸਡੀਐੱਮ ਭਵਾਨੀਗੜ੍ਹ, ਸੁਖਰਾਜ ਸਿੰਘ ਘੁੰਮਣ ਡੀਐੱਸਪੀ ਭਵਾਨੀਗੜ੍ਹ ਹਾਜ਼ਰ ਸਨ।