ਸਰਬਜੀਤ ਸਿਘ ਭੰਗੂ
ਪਟਿਆਲਾ, 5 ਜਨਵਰੀ
ਬੁੱਧਵਾਰ ਨੂੰ ਇਥੇ ਦਿਨ ਭਰ ਕਿਣਮਣ ਹੁੰਦੀ ਰਹੀ। ਰੁਕ ਰੁਕ ਕੇ ਪਏ ਇਸ ਮੀਂਹ ਦੌਰਾਨ ਜਿਥੇ ਠੰਢ ਵਧ ਗਈ ਉਥੇ ਹੀ ਲੋਕਾਂ ਦੇ ਕੰਮਕਾਜ ਵੀ ਪ੍ਰਭਾਵਿਤ ਹੋਏ। ਮੌਸਮ ਵਿਭਾਗ ਵੱਲੋਂ ਅਗਾਊਂ ਹੀ ਕੀਤੀ ਗਈ ਪੇਸ਼ੀਨਗੋਈ ਦੇ ਚੱਲਦਿਆਂ ਲੋਕ ਪਹਿਲਾਂ ਤੋਂ ਹੀ ਅੱਜ ਦੇ ਇਸ ਮੀਂਹ ਬਾਰੇ ਸੁਚੇਤ ਸਨ। ਜਿਸ ਕਰਕੇ ਲੋਕਾਂ ਨੇ ਆਪਣੇ ਕੰਮਕਾਜ ਦਾ ਸ਼ੈਡਿਊਲ ਪਹਿਲਾਂ ਹੀ ਬਣਾ ਰੱਖਿਆ ਸੀ। ਇਸ ਦੌਰਾਨ ਅਨੇਕਾਂ ਲੋਕ ਦਿਨ ਪਰ ਘਰਾਂ ਵਿੱਚ ਹੀ ਬਿਸਤਰਿਆਂ ’ਚ ਤੜੇ ਰਹੇ। ਕਈ ਦੁਕਾਨਦਾਰਾਂ ਨੇ ਵੀ ਅੱਜ ਆਮ ਦੇ ਮੁਕਾਬਲੇ ਦੁਕਾਨਾ ਘੱਟ ਸਮਾਂ ਹੀ ਖੋਲ੍ਹੀਆਂ। ਕਿਉਂਕਿ ਮੀਂਹ ਕਾਰਨ ਬਾਜ਼ਾਰਾਂ ਵਿੱਚ ਆਮ ਦੇ ਮੁਕਾਬਲੇ ਭੀੜ ਭੜੱਕਾ ਘੱਟ ਹੀ ਰਿਹਾ। ਇਥੋਂ ਤੱਕ ਸਰਕਾਰੀ ਅਦਾਰਿਆਂ ਵਿੱਚ ਵੀ ਅੱਜ ਦੇ ਇਸ ਮੀਂਹ ਦਾ ਪ੍ਰਭਾਵ ਰਿਹਾ। ਮੀਂਹ ਕਾਰਨ ਵਧੀ ਠੰਢ ਦੇ ਚੱਲਦਿਆਂ, ਬਹੁਤਾ ਮੁਲਾਜ਼ਮ ਤਬਕਾ ਵੀ ਠੁਰ ਠੁਰ ਕਰਦਾ ਰਿਹਾ। ਬਹੁਤੇ ਮੁਲਾਜ਼ਮ ਠੁਰ ਠੁਰ ਕਰਦੇ ਰਹੇੇ। ਬਹੁਤੇ ਦਫ਼ਤਰਾਂ ’ਚ ਸਾਰਾ ਦਿਨ ਚਾਹ ਪੀਣ ’ਤੇ ਹੀ ਵਧੇਰੇ ਜ਼ੋਰ ਰਿਹਾ। ਜਿਸ ਦੇ ਚੱਲਦਿਆਂ ਚਾਹੀ ਦੀਆਂ ਦੁਕਾਨਾਂ ਅਤੇ ਚਾਹ ਵਾਲ਼ੀਆਂ ਰੇਹੜੀਆਂ ਵਾਲ਼ਿਆਂ ਦੀ ਚਾਂਦੀ ਬਣੀ ਰਹੀ।ਜਦੋਂਕਿ ਅੱਜ ਦਾ ਇਹ ਮੀਂਹ ਮਜ਼ਦੂਰ ਵਰਗ ’ਤੇ ਭਾਰੂ ਰਿਹਾ। ਕਿਉਂਕਿ ਇਸ ਦੌਰਾਨ ਮਿਸਤਰੀਆਂ ਸਮੇਤ ਕਈ ਹੋਰ ਤਰ੍ਹਾਂ ਦੇ ਕੰਮ ਵੀ ਬੰਦ ਰਹੇ। ਜਿਸ ਕਾਰਨ ਰੋਜ਼ਾਨਾ ਮਜ਼ਦੂਰੀ ਕਰਕੇ ਖਾਣ ਵਾਲ਼ੇ ਕਈ ਮਜ਼ਦੂਰ ਵੀ ਦਿਨ ਭਰ ਵਿਹਲੇ ਹੀ ਰਹੇ। ਉਧਰ, ਮਾਹਰਾਂ ਨੇ ਅੱਜ ਦੇ ਇਸ ਮੀਂਹ ਨੂੰ ਫਸਲਾਂ ਲਈ ਲਾਹੇਵੰਦਾ ਦੱਸਿਆ ਹੈ। ਮੌਸਮ ਵਿਭਾਗ ਨੇ 6 ਜਨਵਰੀ ਨੂੰ ਵੀ ਅੱਜ ਦੀ ਤਰ੍ਹਾਂ ਹੀ ਮੌਸਮ ਵਿਗੜਿਆ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਭਾਵੇਂ ਕਿ ਕੱਲ੍ਹ ਨੂੰ ਵੀ ਇਸੇ ਤਰ੍ਹਾਂ ਰੁਕ ਰੁਕ ਕੇ ਮੀਂਹ ਪੈਂਦਾ ਰਹੇਗਾ ਅਤੇ ਠੰਢ ਵੀ ਰਹੇਗੀ। ਮੌਸਮ ਵਿਭਾਗ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਮੁਤਾਬਿਕ ਅੱਜ ਪਟਿਆਲਾ ਵਿੱਚ 6 ਐੱਮ.ਐੱਮ. ਮੀਂਹ ਵਰ੍ਹਿਆ ਹੈ। ਲੰਘੀ ਰਾਤ ਵੀ ਹਲਕਾ ਜਿਹਾ ਮੀਂਹ ਪਿਆ ਸੀ। ਜਿਸ ਦੌਰਾਨ ਇੱਕ ਐੱਮ.ਐੱਮ. ਵੀ ਬਾਰਸ਼ ਹੋਈ। ਅੱਜ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਰਿਹਾ। ਜਦੋਂਕਿ ਘੱਟ ਤੋਂਘੱਟ ਤਾਪਮਾਨ ਦਾ ਅੰਕੜਾ 11.8 ਡਿਗਰੀ ਰਿਹਾ।
ਸੰਗਰੂਰ (ਗੁਰਦੀਪ ਸਿੰਘ ਲਾਲੀ) ਅੱਜ ਸਵੇਰ ਤੋਂ ਰੁਕ-ਰੁਕ ਹੋ ਰਹੀ ਬਾਰਸ਼ ਕਾਰਨ ਠੰਢ ਨੇ ਜ਼ੋਰ ਫੜ ਲਿਆ ਹੈ। ਭਾਵੇਂ ਪੋਹ ਮਹੀਨੇ ਦੀ ਬਾਰਸ਼ ਨੂੰ ਫਸਲਾਂ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ ਪਰ ਅੱਜ ਸਾਰਾ ਦਿਨ ਬਾਰਸ਼ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਪਿਛਲੇ ਦੋ ਦਿਨਾਂ ਤੋਂ ਮੌਸਮ ਖਰਾਬ ਚੱਲ ਰਿਹਾ ਹੈ। ਲੰਘੇ ਕੱਲ੍ਹ ਵੀ ਆਸਮਾਨ ਵਿੱਚ ਬੱਦਲਵਾਈ ਰਹੀ ਅਤੇ ਕਿਤੇ ਕਿਤੇ ਕਿਣ-ਮਿਣ ਵੀ ਹੋਈ ਪਰ ਅੱਜ ਦਿਨ ਚੜ੍ਹਦਿਆਂ ਹੀ ਆਸਮਾਨ ’ਚ ਛਾਈ ਬੱਦਲਵਾਈ ਕਾਰਨ ਸਵੇਰ ਤੋਂ ਹੀ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ। ਬਾਰਸ਼ ਕਾਰਨ ਠੰਢ ਦੇ ਜ਼ੋਰ ਫੜਨ ਨਾਲ ਲੋਕਾਂ ਨੇ ਘਰਾਂ ’ਚ ਰਹਿਣ ਨੂੰ ਤਰਜੀਹ ਦਿੱਤੀ ਹੈ। ਬਾਰਸ਼ ਨਾਲ ਠੰਢੀਆਂ ਹਵਾਵਾਂ ਵੀ ਵਗੀਆਂ ਜਿਸ ਕਾਰਨ ਲੋਕਾਂ ਨੂੰ ਕੰਮਕਾਰਾਂ ’ਤੇ ਜਾਣ ਮੌਕੇ ਗਰਮ ਕੱਪੜਿਆਂ ਦਾ ਸਹਾਰਾ ਲੈਣਾ ਪਿਆ ਹੈ। ਪੋਹ ਮਹੀਨੇ ਦੀ ਇਸ ਬਾਰਸ਼ ਨੂੰ ਕਣਕ ਦੀ ਫਸਲ ਲਈ ਵਧੇਰੇ ਲਾਹੇਵੰਦ ਮੰਨਿਆ ਜਾ ਰਿਹਾ ਹੈ। ਬਾਰਸ਼ ਤੇਜ਼ ਨਹੀਂ ਪੈ ਰਹੀ ਸਗੋਂ ਹਲਕੀ-ਹਲਕੀ ਬਾਰਸ਼ ਪੈ ਰਹੀ ਹੈ ਜਿਸ ਨਾਲ ਕਿਤੇ ਪਾਣੀ ਭਰਨ ਦੀ ਕੋਈ ਖ਼ਬਰ ਨਹੀਂ ਹੈ।