ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 5 ਜੂਨ
ਡੈਮੋਕਰੈਟਿਕ ਮਨਰੇਗਾ ਫਰੰਟ ਪੰਜਾਬ ਵਲੋਂ ਸਥਾਨਕ ਕਾਲੀ ਦੇਵੀ ਮੰਦਰ ਧਰਮਸ਼ਾਲਾ ਵਿੱਚ ਮਗਨਰੇਗਾ ਤਹਿਤ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ, ਪੰਜ ਏਕੜ ਵਾਲੇ ਕਿਸਾਨਾਂ ਨੂੰ ਮਗਨਰੇਗਾ ਤਹਿਤ ਰੁਜ਼ਗਾਰ ਹਾਸਲ ਕਰਨ, ਗਰਾਮ ਸਭਾ ਦੀ ਮਹੱਤਤਾ ਸਬੰਧੀ ਸਿੱਖਿਅਤ ਕਰਨ ਲਈ ਜ਼ਿਲ੍ਹਾ ਮਾਲੇਰਕੋਟਲਾ ਕਾਨਫਰੰਸ ਕਰਵਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪੱਤਰਕਾਰ ਹਮੀਰ ਸਿੰਘ, ਕਰਨੈਲ ਸਿੰਘ ਜਖੇਪਲ, ਰਾਜ ਕੁਮਾਰ ਸਿੰਘ ਕਨਸੂਹਾ, ਸੁਨੀਤਾ ਰਾਣੀ ਕੈਦੂਪੁਰ ਤੇ ਗੁਰਮੀਤ ਸਿੰਘ ਥੂਹੀ ਨੇ ਕਿਹਾ ਕਿ ਮਨਰੇਗਾ ਨੂੰ ਕਾਨੂੰਨ ਦੀ ਭਾਵਨਾ ਅਨੁਸਾਰ ਚਲਾਉਣ ਲਈ ਗਰਾਮ ਸਭਾ ਦੀ ਮਹੱਤਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਮਨਰੇਗਾ ਦਾ ਬਜਟ ਗਰਾਮ ਸਭਾ ਰਾਹੀਂ ਪਾਸ ਕਰਕੇ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੂਨ ਮਹੀਨੇ ਅੰਦਰ ਸਾਰੇ ਪਿੰਡਾਂ ਵਿੱਚ ਗਰਾਮ ਸਭਾ ਦੇ ਇਜਲਾਸ ਕਰ ਕੇ ਫ਼ਲਦਾਰ ਅਤੇ ਛਾਂਦਾਰ ਬੂਟੇ ਮਨਰੇਗਾ ਰਾਹੀਂ ਲਾਉਣ ਦੇ ਪ੍ਰਾਜੈਕਟ ਬਣਾਏ ਜਾਣ ਤਾਂ ਕਿ ਵਾਤਾਵਰਨ ਸ਼ੁੱਧ ਹੋ ਸਕੇ। ਕਾਨਫਰੰਸ ਵਿੱਚ ਇੰਟਰਨੈਸ਼ਨਲਿਸਟ ਡੈਮੋਕਰੈਟਿਕ ਪਲੇਟਫਾਰਮ ਦੇ ਆਗੂਆਂ ਫਲਜੀਤ ਸਿੰਘ, ਦਰਸ਼ਨ ਸਿੰਘ ਧਨੇਠਾ, ਜਮਾਤ-ਏ-ਇਸਲਾਮੀ ਹਿੰਦ ਦੇ ਆਗੂ ਅਬਦੁਲ ਸ਼ਕੂਰ, ਮਨਪ੍ਰੀਤ ਕੌਰ ਰਾਜਪੁਰਾ ਤੇ ਹੰਸ ਰਾਜ ਭਵਾਨੀਗੜ੍ਹ ਆਦਿ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਮਨਰੇਗਾ ਬਜਟ ਵਿੱਚ ਵਾਧਾ ਕਰੇ, ਮਨਰੇਗਾ ਤਹਿਤ 100 ਦਿਨ ਦਾ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਦੀ ਰਕਮ ਘੱਟੋ ਘੱਟ ਉਜ਼ਰਤ ਕਾਨੂੰਨ ਮੁਤਾਬਕ ਦਿੱਤੀ ਜਾਵੇ।