ਐੱਸ.ਐੱਸ. ਸੱਤੀ
ਮਸਤੂਆਣਾ ਸਾਹਿਬ, 2 ਅਪਰੈਲ
ਵਿਜੀਲੈਂਸ ਵਿਭਾਗ ਪਟਿਆਲਾ ਤੋਂ ਬਦਲ ਕੇ ਸੰਗਰੂਰ ਦੇ ਐੱਸਐੱਸਪੀ ਨਿਯੁਕਤ ਹੋਏ ਆਈਪੀਐੱਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਨੇ ਅੱਜ ਅਹੁਦਾ ਸੰਭਾਲਣ ਤੋਂ ਪਹਿਲਾਂ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਏ।
ਇਸ ਦੌਰਾਨ ਗੁਰਦੁਆਰੇ ਦੇ ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ ਅਤੇ ਪ੍ਰਬੰਧਕਾਂ ਵੱਲੋਂ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸ੍ਰੀ ਸਿੱਧੂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਸਿਆਸਤ ਸਿੰਘ ਗਿੱਲ, ਰਾਜਵਿੰਦਰਪਾਲ ਸਿੰਘ ਕੋਲੀ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਲਛਮਣ ਸਿੰਘ, ਭਾਈ ਅਮਰੀਕ ਸਿੰਘ, ਭਾਈ ਸਤਨਾਮ ਸਿੰਘ ਤੋਂ ਇਲਾਵਾ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ। ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਵੱਲੋਂ ਵਿਰੋਸਾਏ ਗਏ ਇਸ ਅਸਥਾਨ ’ਤੇ ਹਮੇਸ਼ਾ ਨਤਮਸਤਕ ਹੋ ਕੇ ਜਾਂਦੇ ਹਨ। ਇਸ ਅਸਥਾਨ ’ਤੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ ਜਿੱਥੇ ਧਾਰਮਿਕ ਖੇਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ, ਉੱਥੇ ਹੀ ਕਈ ਸਕੂਲ-ਕਾਲਜ ਖੋਲ੍ਹ ਕੇ ਵਿੱਦਿਆ ਦੇ ਖੇਤਰ ਵਿੱਚ ਵੀ ਅਹਿਮ ਰੋਲ ਅਦਾ ਕੀਤਾ ਹੈ।
ਡਾ. ਨਾਨਕ ਸਿੰਘ ਨੇ ਐੱਸਐੱਸਪੀ ਪਟਿਆਲਾ ਦਾ ਚਾਰਜ ਸੰਭਾਲਿਆ
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਵਿੱਚ ਨਵੇਂ ਤਾਇਨਾਤ ਕੀਤੇ ਗਏ ਐੱਸਐੱਸਪੀ ਨਾਨਕ ਸਿੰਘ ਨੇ ਅੱਜ ਅਹੁਦਾ ਸੰਭਾਲ ਲਿਆ ਹੈ। ਉਹ 2011 ਬੈਚ ਦੇ ਆਈਪੀਐੱਸ ਅਧਿਕਾਰੀ ਹਨ ਅਤੇ ਗੁਰਦਾਸਪੁਰ ਤੋਂ ਬਦਲ ਕੇ ਆਏ ਹਨ। ਉਂਜ ਉਹ ਫਰੀਦਕੋਟ ਤੇ ਬਠਿੰਡਾ ਵਿੱਚ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਕਿਹਾ ਕਿ ਥਾਣਿਆਂ, ਪੁਲੀਸ ਚੌਕੀਆਂ ਅਤੇ ਪੁਲੀਸ ਵਿਭਾਗ ਦੇ ਦਫਤਰਾਂ ਵਿੱਚ ਲੋਕਾਂ ਦੀ ਹਰ ਮੁਸ਼ਕਿਲ ਹੱਲ ਕਰਨੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਨਕੇਲ ਹੋਰ ਕੱਸੀ ਜਾਵੇਗੀ ਅਤੇ ਜ਼ਿਲ੍ਹੇ ਅੰਦਰ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾਵੇਗਾ।