ਪੱਤਰ ਪ੍ਰੇਰਕ
ਲਹਿਰਾਗਾਗਾ, 1 ਨਵੰਬਰ
ਨੇੜਲੇ ਕੇਸੀਟੀ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨੋਲੋਜੀ ਫਤਹਿਗੜ੍ਹ ਦੇ ਵਿਦਿਆਰਥੀਆਂ ਨੇ ਦੀਵਾਲੀ ਧੂਮਧਾਮ ਨਾਲ ਮਨਾਈ। ਪ੍ਰੋਗਰਾਮ ਦੀ ਸ਼ੁਰੁਆਤ ਕਾਲਜ ਸਕੱਤਰ ਰਾਮ ਗੋਪਾਲ ਗਰਗ ਨੇ ਦੀਪ ਜਗਾ ਕੇ ਕੀਤੀ। ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਭੰਗੜਾ, ਗਿੱਧਾ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਸ਼ਾਮਲ ਸਨ। ਇਸ ਮੌਕੇ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ।
ਸਜਾਵਟ ਵਿੱਚ ਬੀਏ ਸੈਕਸ਼ਨ ‘ਏ’ ਨੂੰ ਜੇਤੂ ਐਲਾਨਿਆ ਗਿਆ। ਰੰਗੋਲੀ ’ਚ ਮਮਤਾ , ਰਿੰਪੀ ਤੇ ਅਰਸ਼ਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਦੇ ਚੇਅਰਮੈਨ ਮੌਂਟੀ ਗਰਗ ਨੇ ਵਿਦਿਆਰਥੀਆਂ ਨੂੰ ਬੂਟੇ ਲਾਉਣ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ| ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਵੜੈਚ, ਲਵਪ੍ਰੀਤ ਸਿੰਘ ਵੜੈਚ ਤੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ।
ਦੇਵੀਗੜ੍ਹ (ਪੱਤਰ ਪ੍ਰੇਰਕ): ਇਲਾਕੇ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਦੀਵਾਲੀ ਤੇ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਟੈਗੋਰ ਇੰਟਰਨੈਸ਼ਨਲ ਸਕੂਲ ਦੇਵੀਗੜ੍ਹ ਵਿੱਚ ਸਵੇਰ ਦੀ ਸਭਾ ਦੀ ਸ਼ੁਰੂਆਤ ‘ਸਤਿਗੁਰ ਬੰਦੀ ਛੋੜ ਹੈ’ ਸ਼ਬਦ ਅਤੇ ਮਾਤਾ ਲਕਸ਼ਮੀ ਦੇ ਪੂਜਨ ਨਾਲ ਕੀਤੀ ਗਈ। ਵਿਦਿਆਰਥੀਆਂ ਨੇ ਗਰੀਨ ਦੀਵਾਲੀ ਮਨਾਉਣ ਸਬੰਧੀ ਭਾਸ਼ਣ, ਕਵਿਤਾਵਾਂ ਅਤੇ ਨਾਟਕ ਪੇਸ਼ ਕੀਤੇ। ਅੰਤਰ-ਹਾਊਸ ਰੰਗੋਲੀ, ਕਲਾਸ ਦੀ ਸਜਾਵਟ ਅਤੇ ਦੀਵਿਆਂ ਦੀ ਸਜਾਵਟ ਦੇ ਮੁਕਾਬਲੇ ਵੀ ਕਰਵਾਏ ਗਏ। ਇਸੇ ਤਰ੍ਹਾਂ ਨਵਾਬ ਫਾਊਂਡੇਸ਼ਨ ਸਕੂਲ ਬਾਂਗੜਾ ਵਿੱਚ ਦੀਵਾਲੀ ਨਾਲ ਸੰਬੰਧਤ ਸਵੇਰ ਦੀ ਸਭਾ ਕੀਤੀ ਗਈ। ਵਿਦਿਆਰਥੀਆਂ ਨੇ ਭਗਵਾਨ ਰਾਮ ਦੇ ਜੀਵਨ ਨਾਲ ਸਬੰਧਤ ਝਾਕੀਆਂ, ਗੀਤ, ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ। ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਵਿੱਚ ਵੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਗਿਆ, ਜਿਸ ਵਿੱਚ ਸਵੇਰ ਦੀ ਸਭਾ ਦੀ ਸ਼ੁਰੂਆਤ ‘ਸਤਿਗੁਰ ਬੰਦੀ ਛੋੜ ਹੈ’ ਸ਼ਬਦ ਅਤੇ ਮਾਤਾ ਲਕਸ਼ਮੀ ਦੇ ਪੂਜਨ ਨਾਲ ਕੀਤੀ ਗਈ। ਸਕੂਲ ਡਾਇਰੈਕਟਰ ਬਲਵਿੰਦਰ ਭਾਰਤੀ ਅਤੇ ਸੰਜਨਾ ਭਾਰਤੀ ਨੇ ਵਿਦਿਆਰਥੀਆਂ ਨੂੰ ਤੋਹਫੇ ਵੰਡੇ।
ਪਾਤੜਾਂ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਹੜ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਗਿਆ। ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾਉਣਗੇ।
ਇਸ ਮੌਕੇ ਗ੍ਰਾਮ ਪੰਚਾਇਤ ਗੁਲਾਹੜ ਦੇ ਸਰਪੰਚ ਦਰਸ਼ਨ ਕੁਮਾਰ, ਗ੍ਰਾਮ ਪੰਚਾਇਤ ਗੁਲਾਹੜ ਖੁਰਦ ਦੇ ਸਰਪੰਚ ਸੁਖਵੰਤ ਸਿੰਘ ਮੱਟੂ, ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ ਦੇ ਸਰਪੰਚ ਸੁਖਵੰਤ ਸਿੰਘ ਫੌਜੀ, ਗ੍ਰਾਮ ਪੰਚਾਇਤ ਸ਼ਹੀਦ ਭਗਤ ਸਿੰਘ ਨਗਰ ਦੇ ਸਰਪੰਚ ਜਰਨੈਲ ਸਿੰਘ ਆਦਿ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਅਤੇ ਸਕੂਲ ਵਿੱਚ ਇੰਟਰਲਾਕ ਟਾਈਲਾਂ ਲਾਉਣ ਵਾਸਤੇ ਵਿੱਤੀ ਸਹਿਯੋਗ ਕੀਤਾ। ਸਕੂਲ ਮੁਖੀ ਹਰਭਜਨ ਸਿੰਘ ਨੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਕਾਫੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਦੀ ਸਾਰੇ ਹਾਜ਼ਰੀਨ ਲੋਕਾਂ ਨੇ ਸ਼ਲਾਘਾ ਕੀਤੀ। ਅਧਿਆਪਕਾਂ ਨੇ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ।
ਵੱਡੀ ਗਿਣਤੀ ਸੰਗਤ ਗੁਰਦੁਆਰਿਆਂ ’ਚ ਹੋਈ ਨਤਮਸਤਕ
ਡਕਾਲਾ (ਪੱਤਰ ਪ੍ਰੇਰਕ): ਸਥਾਨਕ ਦਿਹਾਤੀ ਖੇਤਰ ਵਿੱਚ ਦੀਵਾਲੀ ਦਾ ਤਿਓਹਾਰ ਤੇ ਬੰਦੀ ਛੋੜ ਦਿਵਸ ਰਵਾਇਤੀ ਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਬਾਜ਼ਾਰਾਂ ਵਿੱਚ ਕਾਫੀ ਭੀੜ ਰਹੀ ਅਤੇ ਲੋਕਾਂ ਨੇ ਵਧ-ਚੜ ਕੇ ਖਰੀਦਦਾਰੀ ਕੀਤੀ। ਇਸ ਦੌਰਾਨ ਖਾਸ ਕਰਕੇ ਮਠਿਆਈਆਂ ਦੀਆਂ ਦੁਕਾਨਾਂ ’ਤੇ ਕਾਫੀ ਭੀੜ ਰਹੀ। ਦੇਰ ਸ਼ਾਮ ਤੱਕ ਲੋਕਾਂ ਨੇ ਪਟਾਕੇ ਚਲਾਏ। ਇਲਾਕੇ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਸਾਹਿਬ ਵਿਖੇ ਬੰਦੀ ਛੋੜ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਲਾਕੇ ਭਰ ’ਚੋਂ ਵੱਡੀ ਗਿਣਤੀ ਸੰਗਤ ਨੇ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ।