ਮੁਕੰਦ ਸਿੰਘ ਚੀਮਾ
ਸੰਦੌੜ, 22 ਜਨਵਰੀ
ਹਲਕਾ ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਦੇ ਪਤੀ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਜਾਣਬੁੱਝ ਕੇ ਆਪਣੇ ਨਫਰਤੀ ਬਿਆਨਾਂ ਰਾਹੀਂ ਮਾਲੇਰਕੋਟਲਾ ਦਾ ਮਾਹੌਲ ਖਰਾਬ ਕਰ ਰਹੇ ਹਨ।
ਪਿੰਡ ਫਰਵਾਲੀ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਮਗਰੋਂ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਮਾਲੇਰਕੋਟਲਾ ਦੇ ਲੋਕ ਕਾਂਗਰਸੀ ਵਿਧਾਇਕਾ ਰਜ਼ੀਆ ਸੁਲਤਾਨਾ ਦੇ ਪੰਜ ਸਾਲ ਦੇ ਕਾਰਜਕਾਲ ਨੂੰ ਭੁੱਲ ਨਹੀਂ ਸਕਦੇ। ਪਿਛਲੇ ਪੰਜ ਸਾਲਾਂ ਵਿਚ ਸਥਾਨਕ ਵਿਧਾਇਕਾ ਨੇ ਹਲਕੇ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ।
ਦਾਰਾ ਪਰਿਵਾਰ ਡਾ. ਜਮੀਲ ਨਾਲ ਤੁਰਿਆ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੀ ਨਾ ਮਿਲਣ ਕਾਰਨ ਖਾਮੋਸ਼ ਬੈਠਾ ਸਨਅਤਕਾਰ ਮੁਹੰਮਦ ਸਰਦਾਰ ਦਾਰਾ ਦਾ ਪਰਿਵਾਰ ਪਾਰਟੀ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਨਾਲ ਤੁਰ ਪਿਆ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹੰਮਦ ਸਰਦਾਰ ਦਾਰਾ ਅਤੇ ਉਨ੍ਹਾਂ ਦੇ ਪੁੱਤਰ ਆਜ਼ਮ ਦਾਰਾ ਨੇ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਮਗਰੋਂ ਆਪਣੇ ਸਮਰਥਕਾਂ ਅਤੇ ਪਾਰਟੀ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਦੀ ਮੌਜੂਦਗੀ ’ਚ ਐਲਾਨ ਕੀਤਾ ਕਿ ਉਹ ਡਾ. ਜਮੀਲ ਨੂੰ ਇਸ ਹਲਕੇ ਤੋਂ ਜਿਤਾਉਣ ’ਚ ਪੂਰੀ ਵਾਹ ਲਾ ਦੇਣਗੇ।