ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਮਈ
ਇਥੋਂ ਨੇੜਲੇ ਪਿੰਡ ਬਡਰੁੱਖਾਂ ਵਿਖੇ ਇੱਕ ਗਰੀਬ ਆਜੜੀ ਦੀਆਂ ਕਰੀਬ ਇੱਕ ਦਰਜਨ ਬੱਕਰੀਆਂ ਅਚਾਨਕ ਮਰ ਗਈਆਂ। ਦੱਸਿਆ ਜਾ ਰਿਹਾ ਹੈ ਕਿ ਬਾਹਰ ਖੇਤਾਂ ਵਿਚ ਚਰਦਿਆਂ ਬੱਕਰੀਆਂ ਕੋਈ ਜ਼ਹਿਰੀਲੀ ਚੀਜ਼ ਜਾਂ ਜ਼ਹਿਰੀਲਾ ਪਾਣੀ ਪੀ ਗਈਆਂ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬ ਆਜੜੀ ਨੂੰ ਵਿੱਤੀ ਮਦਦ ਕੀਤੀ ਜਾਵੇ। ਪਿੰਡ ਬਡਰੁੱਖਾਂ ਦੇ ਵਸਨੀਕ ਰਹਿਮਦੀਨ ਪੁੱਤਰ ਤਰਸੇਮ ਖਾਂ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ ਸਾਢੇ 12 ਵਜੇ ਘਰੋਂ ਬੱਕਰੀਆਂ ਲੈ ਕੇ ਖੇਤਾਂ ਵਿਚ ਗਿਆ ਸੀ। ਜਿਉਂ ਹੀ ਉਹ ਕਰੀਬ ਇੱਕ ਵਜੇ ਬਡਰੁੱਖਾਂ-ਉਭਾਵਾਲ ਲਿੰਕ ਸੜਕ ’ਤੇ ਪਾਣੀ ਵਾਲੇ ਸੂਏ ਦੀ ਪਟੜੀ ’ਤੇ ਪੁੱਜਿਆ ਤਾਂ ਉਥੇ ਉਸ ਦੀਆਂ ਕਰੀਬ ਦੋ ਦਰਜਨ ਬੱਕਰੀਆਂ ਅਤੇ ਭੇਡਾਂ ਵਿਚੋਂ ਕੁਝ ਬੱਕਰੀਆਂ ਅਤੇ ਭੇਡਾਂ ਅਚਾਨਕ ਹੇਠਾਂ ਡਿੱਗ ਪਈਆਂ ਜਿਨ੍ਹਾਂ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ। ਉਥੇ ਨੇੜਲੇ ਖੇਤਾਂ ਦੇ ਕਿਸਾਨ ਤੇ ਪਿੰਡ ਦੇ ਲੋਕ ਪੁੱਜ ਗਏ ਜਿਨ੍ਹਾਂ ਵਲੋਂ ਸੂਚਨਾ ਦੇਣ ’ਤੇ ਪਿੰਡ ਦੀ ਪਸ਼ੂ ਡਿਸਪੈਂਸਰੀ ਤੋਂ ਟੀਮ ਪੁੱਜੀ ਅਤੇ ਚੈਕਅੱਪ ਕਰਦਿਆਂ ਦਵਾਈ ਵੀ ਦਿੱਤੀ ਗਈ ਪ੍ਰੰਤੂ ਉਸ ਦੀਆਂ 9 ਬੱਕਰੀਆਂ ਅਤੇ 2 ਭੇਡਾਂ ਦੀ ਮੌਕੇ ’ਤੇ ਮੌਤ ਹੋ ਗਈ।