ਪਵਨ ਕੁਮਾਰ ਵਰਮਾ
ਧੂਰੀ, 30 ਜੂਨ
ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ ਪੰਜਾਬ ਸੂਬਾਈ ਤੇ ਜ਼ਿਲ੍ਹਾ ਸੰਗਰੂਰ ਦੇ ਆਗੂਆਂ ਨੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਇਥੇ ਮੁਲਾਕਾਤ ਕੀਤੀ ਤੇ ਪੈਨਲ ਮੀਟਿੰਗ ਲਈ ਮੰਗ ਪੱਤਰ ਦਿੱਤਾ| ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਰਿਖੀ ਨੇ ਦੱਸਿਆ ਕੇ ਸੂਬਾਈ ਆਗੂ ਨੀਰਜ ਕੁਮਾਰ ਅਤੇ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਆਗੂਆਂ ਨੇ ਸਿਹਤ ਮੰਤਰੀ ਨੂੰ ਜਥੇਬੰਦੀ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ| ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲੀ ਮੰਗ ਮਲਟੀਪਰਪਜ਼ ਕੇਡਰ ਦਾ ਨਾਮ ਬਦਲਣਾ ਹੈ, ਜਿਸ ਨਾਲ ਸਰਕਾਰ ’ਤੇ ਇੱਕ ਪੈਸੇ ਦਾ ਵੀ ਵਿੱਤੀ ਬੋਝ ਨਹੀਂ ਪੈਂਦਾ ਪਰ ਫਿਰ ਵੀ ਇਸ ਮੰਗ ਨੂੰ ਲਟਕਾਇਆ ਜਾ ਰਿਹਾ ਹੈ। ਅਗਲੀਆਂ ਮੰਗਾਂ ਵਿੱਚ ਕੱਟੇ ਭੱਤੇ ਬਹਾਲ ਕਰਨ, ਕੱਚੇ ਕਾਮੇ ਪੱਕੇ ਕਰਨ, ਐੱਫਟੀਏ, ਰਿਸਕ ਭੱਤਾ ਲਾਉਣਾ, ਪੰਜਾਬ ਸਕੇਲ ਲਾਗੂ ਕਰਨਾ, ਬੰਦ ਪਏ ਟਰੇਨਿੰਗ ਸਕੂਲ ਚਾਲੂ ਕਰਨਾ, ਜਨਮ ਮੌਤ ਦੇ ਕੰਮ ਵਿੱਚ ਬਰਾਬਰ ਦਾ ਭਾਗੀਦਾਰ ਬਣਾਉਣਾ, ਸੀਨੀਆਰਤਾ ਸੂਚੀਆਂ ਜਾਰੀ ਤੇ ਤਰੱਕੀਆਂ ਕਰਾਉਣਾ ਆਦਿ ਕਈ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜ ਕਿ ਪੈਨਲ ਮੀਟਿੰਗ ਦੀ ਮੰਗ ਕੀਤੀ ਹੈ। ਇਸ ਮੌਕੇ ਸਿਹਤ ਮੰਤਰੀ ਵੱਲੋਂ ਮੰਗਾਂ ਪੂਰੀਆਂ ਕਰਨ ਲਈ ਪੈਨਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਅਤੇ ਜਲਦੀ ਹੀ ਮੰਗਾਂ ਪੂਰੀਆਂ ਕਰਨ ਲਈ ਹਾਮੀ ਭਰੀ ਗਈ ਹੈ| ਇਸ ਮੌਕੇ ਸੂਬਾ ਆਗੂ ਨੀਰਜ ਕੁਮਾਰ, ਅਸ਼ੋਕ ਕੁਮਾਰ, ਕੁਲਦੀਪ ਸਿੰਘ ਬਲਾਕ ਪ੍ਰਧਾਨ ਸ਼ੇਰਪੁਰ ਜਸਵੀਰ ਸਿੰਘ ਆਦਿ ਕਈ ਹਾਜ਼ਰ ਸਨ।